ਬਠਿੰਡਾ: ਸਿਵਲ ਹਸਪਤਾਲ ’ਚ ਡਾਕਟਰਾਂ ਦੇ ਸਾਹਮਣੇ ਉਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ (ਤਸਵੀਰਾਂ)
Wednesday, May 27, 2020 - 06:11 PM (IST)
ਬਠਿੰਡਾ (ਕੁਨਾਲ ਬਾਂਸਲ) - ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਅੱਖਾਂ ਦੇ ਸਾਹਮਣੇ ਹੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੇ ਜਾਣ ਦੀਆਂ ਧੱਜੀਆਂ ਉਡਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇੱਕ ਪਾਸੇ ਤਾਂ ਸਿਵਲ ਹਸਪਤਾਲ ਦੇ ਸਿਵਲ ਸਰਜਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਮਾਸਕ ਪਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਲੋਕਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਅੱਜ ਬਠਿੰਡਾ ਦੀ ਸਿਵਲ ਹਸਪਤਾਲ ਵਿੱਚ ਸਥਿਤ ਓ. ਪੀ. ਡੀ. ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਲੋਕਾਂ ਨੂੰ ਵੇਖ ਕੇ ਸਿਵਲ ਸਰਜਨ ਦੇ ਵਾਅਦਿਆਂ ਦੀ ਫੂਕ ਨਿਕਲਦੀ ਨਜ਼ਰ ਆ ਗਈ।
ਸਿਵਲ ਹਸਪਤਾਲ ਦੀ ਓ. ਪੀ. ਡੀ. ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਦੇਖਣ ਨੂੰ ਮਿਲੇ, ਜਿਨ੍ਹਾਂ ਵਿਚ ਸੋਸ਼ਲ ਡਿਸਟੈਂਸ ਦੂਰ ਦੂਰ ਤੱਕ ਦਿਖਾਈ ਨਹੀਂ ਸੀ ਦੇ ਰਿਹਾ। ਲੋਕ ਵੱਡੀ ਗਿਣਤੀ ਵਿਚ ਲਾਈਨਾਂ ਵਿਚ ਲੱਗੇ ਹੋਏ ਹਨ। ਲੋਕਾਂ ਨੇ ਬੀਮਾਰੀ ਤੋਂ ਬਚਣ ਦੇ ਲਈ ਮਾਸਕ ਤਾਂ ਜ਼ਰੂਰ ਪਾਏ ਹੋਏ ਸਨ ਪਰ ਉਹ ਕਿਸੇ ਪਾਸੇ ਤੋਂ ਸੁਰੱਖਿਅਤ ਨਜ਼ਰ ਨਹੀਂ ਸੀ ਆ ਰਹੇ।
ਇਸ ਮਾਮਲੇ ਦੇ ਬਾਰੇ ਜਦੋਂ ਐੱਸ.ਐੱਮ.ਓ. ਬਠਿੰਡਾ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਅਸੀਂ ਤਾਂ ਲੋਕਾਂ ਨੂੰ ਸਮਝ ਹੀ ਸਕਦੇ ਹਾਂ ਜਾਂ ਪੁਲਸ ਨੂੰ ਸੂਚਨਾ ਦੇ ਸਕਦੇ ਹਾਂ। ਜੇਕਰ ਲੋਕ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਤਾਂ ਉਹ ਕਿਸੇ ਨਾਲ ਨਾ ਹੀ ਲੜ ਸਕਦੇ ਹਨ ਅਤੇ ਨਾ ਹੀ ਕਿਸੇ ਨਾਲ ਧੱਕਾ ਕਰ ਸਕਦੇ ਹਨ। ਸਾਡੇ ਬੱਸ ਵਿੱਚ ਕੁਝ ਨਹੀਂ ਅਸੀਂ ਕਿਹੜਾ ਲੋਕਾਂ ਨੂੰ ਧੱਕੇ ਮਾਰ ਸਕਦੇ ਹਾਂ ਲੋਕ ਜਦ ਤੱਕ ਆਪ ਆਪਣੀ ਜ਼ਿੰਮੇਵਾਰੀਆਂ ਨੂੰ ਨਹੀਂ ਸਮਝਦੇ ਤਦ ਤੱਕ ਅਸੀਂ ਵੀ ਕੁਝ ਨਹੀਂ ਕਰ ਸਕਦੇ। ਸਾਡਾ ਕੰਮ ਲੋਕਾਂ ਨੂੰ ਸਮਝਾਉਣ ਦਾ ਹੈ ਅਤੇ ਇਹ ਕਹਿਣ ਦਾ ਹੈ ਕਿ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਤਾਇਨਾਤ ਕੀਤਾ ਹੈ, ਜੋ ਲੋਕਾਂ ਨੂੰ ਵਾਰ-ਵਾਰ ਕਹਿ ਰਹੇ ਹਨ ਕਿ ਗੋਲ ਚੱਕਰ ਦੇ ਵਿੱਚ ਖੜ੍ਹੇ ਹੋਣ, ਕਿਉਂਕਿ ਸਾਡਾ ਕੰਮ ਉਨ੍ਹਾਂ ਨੂੰ ਕਹਿਣ ਦਾ ਹੈ।