ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਏ. ਡੀ. ਜੀ. ਪੀ. ਵੱਲੋਂ ਸ਼ਹਿਰ ਦਾ ਦੌਰਾ
Friday, Aug 09, 2019 - 01:19 PM (IST)
ਬਠਿੰਡਾ (ਵਰਮਾ) : ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵਧੀਕ ਪੁਲਸ ਮਹਾਨਿਰਦੇਸ਼ਕ ਸੰਜੀਵ ਕਾਲੜਾ ਨੇ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ 3 ਜ਼ਿਲਿਆਂ ਦੇ ਪੁਲਸ ਪ੍ਰਮੁੱਖਾਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਵਿਚ ਕੋਈ ਖੁੰਝ ਨਾ ਹੋਣ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੀਟਿੰਗ 'ਚ ਬਠਿੰਡਾ ਜ਼ੋਨ ਦੇ ਆਈ. ਜੀ. ਐੱਮ. ਐੱਫ. ਫਾਰੂਕੀ, ਬਠਿੰਡਾ ਦੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਐੱਸ. ਐੱਸ. ਪੀ. ਮਾਨਸਾ ਨਰਿੰਦਰ ਭਾਰਗੋ ਸਮੇਤ ਜ਼ਿਲਾ ਮੁਕਤਸਰ ਦੇ ਐੱਸ. ਐੱਸ. ਪੀ. ਸ਼ਾਮਲ ਹੋਏ।
ਉੱਚ ਅਧਿਕਾਰੀਆਂ ਦੀ ਮੀਟਿੰਗ 'ਚ ਏ. ਡੀ. ਜੀ. ਪੀ. ਕਾਲੜਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਵੱਲੋਂ ਧਾਰਾ-370 ਤੇ 35ਏ ਨੂੰ ਖਤਮ ਕੀਤਾ ਗਿਆ ਹੈ, ਜਿਸਦੇ ਮੱਦੇਨਜ਼ਰ ਕੁਝ ਅੱਤਵਾਦੀ 15 ਅਗਸਤ ਨੂੰ ਗੜਬੜੀ ਕਰਨ ਲਈ ਮੌਕੇ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਪੁਲਸ ਨੂੰ ਚੌਕਸ ਕਰਦਿਆਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਦੇ ਇਰਾਦੇ ਨੂੰ ਕਿਸੇ ਕੀਮਤ 'ਤੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਲਾਅ ਐਂਡ ਆਰਡਰ ਦੀ ਕਮਾਨ ਸੰਭਾਲਦੇ ਸੰਦੀਪ ਕਾਲੜਾ ਨੇ ਕਿਹਾ ਕਿ ਪੰਜਾਬ ਪੁਲਸ ਦੇ ਮਹਾਨਿਰਦੇਸ਼ਕ ਦਿਨਕਰ ਗੁਪਤਾ ਵੱਲੋਂ ਬਠਿੰਡਾ ਰੇਂਜ ਦੀ ਸੁਰੱਖਿਆ ਸਬੰਧੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਨ੍ਹਾਂ ਪੁਲਸ ਪ੍ਰਮੁੱਖਾਂ ਨੂੰ ਕਿਹਾ ਕਿ ਉਹ ਆਪਣੇ ਖੇਤਰ ਵਿਚ ਪੁਲਸ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਨ ਦੇ ਨਿਰਦੇਸ਼ ਜਾਰੀ ਕਰਨ।