ਬਠਿੰਡਾ ''ਚ 16,13,616 ਵੋਟਰ ਕਰਨਗੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ

05/18/2019 11:48:19 AM

ਬਠਿੰਡਾ(ਵਰਮਾ) : ਜ਼ਿਲਾ ਚੋਣ ਅਫ਼ਸਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਦੇਸ਼ ਦੀਆਂ 17ਵੀਆਂ ਆਮ ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ 7ਵੇਂ ਪੜਾਅ ਦੌਰਾਨ 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਜ਼ਿਲੇ 'ਚ ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ 765 ਮਾਈਕ੍ਰੋ ਆਬਜ਼ਰਵਰ, 163 ਸੁਪਰਵਾਈਜ਼ਰ ਅਤੇ 9238 ਹੋਰ ਚੋਣ ਅਮਲੇ ਜਿਸ 'ਚ ਪੀ. ਆਰ. ਓਜ਼, ਏ. ਪੀ. ਆਰ. ਓਜ਼ ਅਤੇ ਪੀ. ਓਜ਼ ਸ਼ਾਮਲ ਹਨ, ਦੀ ਡਿਊਟੀ ਲਾਈ ਗਈ ਹੈ। ਜ਼ਿਲਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਜ਼ਿਲੇ ਅੰਦਰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਲੋੜੀਂਦੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ 17 ਮਈ ਸ਼ਾਮ 6 ਵਜੇ ਤੋਂ ਟੀ. ਵੀ. ਚੈਨਲਾਂ, ਸਿਨੇਮਾਘਰਾਂ, ਸੋਸ਼ਲ ਮੀਡੀਆ ਅਤੇ ਰੇਡੀਓ ਆਦਿ 'ਤੇ ਚੋਣਾਂ ਹਿੱਤ ਇਸ਼ਤਿਹਾਰ ਲਈ ਪ੍ਰਚਾਰ 'ਤੇ ਪਾਬੰਦੀ ਹੋਵੇਗੀ, ਜਦਕਿ ਅਖ਼ਬਾਰਾਂ 'ਚ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੀ ਇਜਾਜ਼ਤ ਨਾਲ ਇਸ਼ਤਿਹਾਰ ਦਿੱਤੇ ਜਾ ਸਕਣਗੇ।

9 ਵਿਧਾਨ ਸਭਾ ਹਲਕਿਆਂ 'ਚ ਬਣਾਏ 1729 ਪੋਲਿੰਗ ਸਟੇਸ਼ਨ
ਜ਼ਿਲਾ ਚੋਣ ਅਫ਼ਸਰ ਬੀ. ਸ਼੍ਰੀਨਿਵਾਸਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ 'ਚ ਕੁੱਲ 16,13,616 ਵੋਟਰਾਂ ਵਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ 'ਚ 8,53,501 ਮਰਦ, 7,60,095 ਔਰਤਾਂ ਅਤੇ ਥਰਡ ਜੈਂਡਰ 20 ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਵੋਟਰਾਂ 'ਚ 12 ਐੱਨ. ਆਰ. ਆਈ. ਵੋਟਰ ਵੀ ਮੌਜੂਦ ਹਨ, ਜਦਕਿ 8055 ਸਰਵਿਸ ਵੋਟਰ ਇਸ ਤੋਂ ਵੱਖਰੇ ਹਨ।

ਜ਼ਿਲਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ (ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ) 'ਚ ਕੁੱਲ 1729 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚ 580 ਦੀ ਸੰਵੇਦਨਸ਼ੀਲ ਪੋਲਿੰਗ ਬੂਥਾਂ ਵਜੋਂ ਸ਼ਨਾਖਤ ਕੀਤੀ ਗਈ ਹੈ। ਇਸ ਤੋਂ ਇਲਾਵਾ ਚੋਣਾਂ ਮੌਕੇ 551 ਪੋਲਿੰਗ ਬੂਥਾਂ 'ਤੇ ਵੈਬਕਾਸਟਿੰਗ ਕੀਤੀ ਜਾਵੇਗੀ, ਜਿਸ 'ਤੇ ਰਾਜ ਅਤੇ ਜ਼ਿਲਾ ਚੋਣ ਅਧਿਕਾਰੀਆਂ ਵਲੋਂ ਪੋਲਿੰਗ ਪ੍ਰਕਿਰਿਆ ਦੀ ਕੈਮਰਿਆਂ ਰਾਹੀਂ ਨਜ਼ਰਸਾਨੀ ਕੀਤੀ ਜਾਵੇਗੀ।

ਬੀ. ਸ਼੍ਰੀਨਿਵਾਸਨ ਨੇ ਬਠਿੰਡਾ ਲੋਕ ਸਭਾ ਹਲਕੇ 'ਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਤੇ ਵੋਟਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਲੰਬੀ 'ਚ 168 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੱਥੇ ਕੁੱਲ 1,60,572 ਵੋਟਰ ਹਨ, ਜਿਨ੍ਹਾਂ 'ਚ ਮਰਦ ਵੋਟਰਾਂ ਦੀ ਗਿਣਤੀ 84,069, ਔਰਤ ਵੋਟਰਾਂ ਦੀ ਗਿਣਤੀ 76,503, ਭੁੱਚੋ (ਐੱਸ. ਸੀ.) 'ਚ ਕੁੱਲ 201 ਪੋਲਿੰਗ ਸਟੇਸ਼ਨ, ਜਿਨ੍ਹਾਂ 'ਚ ਕੁੱਲ 1,82,447 ਵੋਟਰ ਹਨ ਜਿਸ 'ਚ ਮਰਦ ਵੋਟਰ 95,818, ਔਰਤ ਵੋਟਰ 86,627, ਥਰਡ ਜੈਂਡਰ 2 ਵੋਟਰ ਹਨ।

ਇਸੇ ਤਰ੍ਹਾਂ ਬਠਿੰਡਾ ਸ਼ਹਿਰੀ 'ਚ ਕੁੱਲ ਪੋਲਿੰਗ ਸਟੇਸ਼ਨ 214, ਜਿੱਥੇ ਕੁੱਲ 2,11,402 ਵੋਟਰ ਹਨ ਜਿਨ੍ਹਾਂ 'ਚ ਮਰਦ ਵੋਟਰ 1,11,164, ਔਰਤ ਵੋਟਰ 100235 ਅਤੇ ਥਰਡ ਜੈਂਡਰ 3 ਵੋਟਰ ਹਨ। ਬਠਿੰਡਾ ਦਿਹਾਤੀ (ਐੱਸ. ਸੀ.) 'ਚ ਕੁੱਲ ਪੋਲਿੰਗ ਸਟੇਸ਼ਨ 168, ਜਿਥੇ ਕੁੱਲ 1,55,545 ਵੋਟਰ ਹਨ, ਜਿਨ੍ਹਾਂ 'ਚ ਮਰਦ ਵੋਟਰ 82,559, ਔਰਤ ਵੋਟਰ 72,984 ਅਤੇ ਥਰਡ ਜੈਂਡਰ 2 ਵੋਟਰ ਹਨ। ਤਲਵੰਡੀ ਸਾਬੋ 'ਚ ਕੁੱਲ ਪੋਲਿੰਗ ਸਟੇਸ਼ਨ 173, ਜਿਸ 'ਚ ਕੁੱਲ 1,53,782 ਵੋਟਰ ਹਨ ਜਿਨ੍ਹਾਂ 'ਚ ਮਰਦ ਵੋਟਰ 82,043, ਔਰਤ ਵੋਟਰ 71,739 ਹਨ। ਮੌੜ 'ਚ ਕੁੱਲ ਪੋਲਿੰਗ ਸਟੇਸ਼ਨ 195, ਜਿੱਥੇ ਕੁੱਲ 1,66,103 ਵੋਟਰ ਹਨ ਜਿਨ੍ਹਾਂ 'ਚ ਮਰਦ ਵੋਟਰ 87,724, ਔਰਤ ਵੋਟਰ 78,374 ਅਤੇ ਥਰਡ ਜੈਂਡਰ 5 ਵੋਟਰ ਹਨ। ਮਾਨਸਾ 'ਚ ਕੁੱਲ 207 ਪੋਲਿੰਗ ਸਟੇਸ਼ਨ, ਜਿੱਥੇ ਕੁੱਲ ਵੋਟਰ 2,13,243 ਜਿਨ੍ਹਾਂ ਵਿਚ ਮਰਦ ਵੋਟਰ 1,13,143, ਔਰਤਆਂ 100099 ਅਤੇ ਥਰਡ ਜੈਂਡਰ 1 ਵੋਟਰ ਹੈ। ਸਰਦੂਲਗੜ੍ਹ 'ਚ ਕੁੱਲ 200 ਪੋਲਿੰਗ ਸਟੇਸ਼ਨ, ਜਿੱਥੇ ਕੁੱਲ ਵੋਟਰ 1,78,678 ਹਨ ਜਿਨ੍ਹਾਂ 'ਚ ਮਰਦ ਵੋਟਰ 94,800, ਔਰਤ ਵੋਟਰ 83,873 ਅਤੇ ਥਰਡ ਜੈਂਡਰ 5 ਵੋਟਰ ਹਨ । ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬੁਢਲਾਡਾ 'ਚ ਕੁੱਲ 203 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿੱਥੇ ਕਿ ਕੁੱਲ ਵੋਟਰ 1,91,844 ਹਨ ਜਿਨ੍ਹਾਂ 'ਚ ਮਰਦ ਵੋਟਰ 1,02,181, ਔਰਤ ਵੋਟਰ 89,661 ਅਤੇ ਥਰਡ ਜੈਂਡਰ 2 ਵੋਟਰ ਮੌਜੂਦ ਹਨ, ਜਿਨ੍ਹਾਂ 'ਚ 19 ਮਈ ਨੂੰ ਪੈਣ ਵਾਲੀਆਂ ਵੋਟਾਂ 'ਚ ਆਪੋ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।


cherry

Content Editor

Related News