ਕੋਰੋਨਾ ਦਾ ਕਹਿਰ, ਆਕਸੀਜਨ ਦੀ ਕਮੀ ਕਾਰਣ ਬਟਾਲਾ ਦੇ ਨੌਜਵਾਨ ਦੀ ਅੰਮ੍ਰਿਤਸਰ ’ਚ ਮੌਤ
Sunday, Apr 25, 2021 - 01:38 PM (IST)
ਕਾਦੀਆਂ (ਜੀਸ਼ਾਨ)- ਅੰਮ੍ਰਿਤਸਰ ’ਚ ਆਕਸੀਜਨ ਦੀ ਕਮੀ ਕਾਰਣ ਕਾਦੀਆਂ ਦੇ ਨੇੜਲੇ ਪਿੰਡ ਨੰਗਲ ਬਾਗ਼ਬਾਨਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਜਵਾ (28) ਪੁੱਤਰ ਦਲਵਿੰਦਰ ਸਿੰਘ ਬਾਜਵਾ ਦੀ ਮੌਤ ਹੋਣ ਤੋਂ ਬਾਅਦ ਸ਼ਹਿਰ ਚ ਸੋਗ ਦੀ ਲਹਿਰ ਹੈ। ਇਸ ਬਾਰੇ ਗੁਰਪ੍ਰੀਤ ਸਿੰਘ ਬਾਜਵਾ ਦੇ ਚਚੇਰੇ ਭਰਾ ਅੰਮ੍ਰਿਤਪਾਲ ਸਿੰਘ ਬਾਜਵਾ ਸਰਪੰਚ ਨੰਗਲ ਬਾਗ਼ਬਾਨਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕੁਝ ਦਿਨਾਂ ਤੋਂ ਸਾਹ ਲੈਣ ਦੀ ਤਕਲੀਫ਼ ਕਾਰਣ ਬੀਮਾਰ ਸੀ। ਕਾਦੀਆਂ ’ਚ ਇਲਾਜ ’ਚ ਕੋਈ ਫ਼ਰਕ ਨਾ ਪੈਣ ’ਤੇ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਇਕ ਕਿਡਨੀ ਖ਼ਰਾਬ ਹੋਣ ਦੀ ਗੱਲ ਆਖੀ। ਮ੍ਰਿਤਕ ਦਾ 2 ਵਾਰ ਕੋਰੋਨਾ ਟੈਸਟ ਵੀ ਲਿਆ ਗਿਆ ਸੀ, ਜੋ ਨੈਗੇਟਿਵ ਨਿਕਲਿਆ। ਬੀਤੀ ਰਾਤ ਉਸ ਦੇ ਭਰਾ ਨੂੰ ਸਾਹ ਲੈਣ ’ਚ ਕਾਫ਼ੀ ਤਕਲੀਫ਼ ਹੋ ਰਹੀ ਸੀ, ਜਿਸ ’ਤੇ ਉਹ ਵਾਰ-ਵਾਰ ਹਸਪਤਾਲ ਪ੍ਰਸ਼ਾਸਨ ਨੂੰ ਆਕਸੀਜਨ ਲਗਵਾਉਣ ਲਈ ਮਿੰਨਤਾਂ ਕਰਦੇ ਰਹੇ, ਜਦਕਿ ਹਸਪਤਾਲ ਪ੍ਰਸ਼ਾਸਨ ਇਹ ਕਹਿੰਦਾ ਰਿਹਾ ਕਿ ਉਨ੍ਹਾਂ ਕੋਲ ਗੈਸ ਸਿਲੰਡਰ ਨਹੀਂ ਹਨ ਇਸ ਲਈ ਬਾਹਰੋਂ ਗੈਸ ਸਿਲੰਡਰ ਮੰਗਵਾ ਲਓ। ਲੱਗਭਗ ਸਵਾ 12 ਵਜੇ ਆਕਸੀਜਨ ਨਾ ਮਿਲਣ ਕਾਰਣ ਉਸ ਦੇ ਭਰਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਮ੍ਰਿਤਕ ਦੇਹ ਨੂੰ ਵੀ ਨਹੀਂ ਦੇ ਰਿਹਾ ਸੀ ਅਤੇ ਮੰਗ ਕਰ ਰਿਹਾ ਸੀ ਕਿ ਬਿੱਲ ਕਲੀਅਰ ਕਰਨ ਤੋਂ ਬਾਅਦ ਹੀ ਮ੍ਰਿਤਕ ਦੇਹ ਦਿੱਤੀ ਜਾਵੇਗੀ। ਗੱਲ ਵਧਣ ’ਤੇ ਹਸਪਤਾਲ ਨੇ ਵਾਰਿਸਾਂ ਨੂੰ ਲਾਸ਼ ਸੌਂਪ ਦਿੱਤੀ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਆਕਸੀਜਨ ਦੀ ਮੰਗ ਵਧੀ, ਮੁੱਖ ਮੰਤਰੀ ਵਲੋਂ ਕੰਟਰੋਲ ਰੂਮ ਬਣਾਉਣ ਦੇ ਹੁਕਮ
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ 'ਚ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਆਕਸੀਜਨ ਦੀ ਘਾਟ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 5 ਮਰੀਜ਼ ਕੋਰੋਨਾ ਪਾਜ਼ੇਟਿਵ ਸਨ, ਜਦੋਂ ਇਕ ਇਕ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਸੀ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਲਗਾਤਾਰ ਆਕਸੀਜਨ ਦੀ ਸਪਲਾਈ ਲਈ ਉਹ ਮੰਗ ਕਰ ਰਹੇ ਸਨ। ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਲਈ ਆਕਸੀਜਨ ਭੇਜਣ ਵਾਲੀਆਂ ਕੰਪਨੀਆਂ ਦੇ ਬਾਹਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਆਕਸੀਜਨ ਦੀ ਸਪਲਾਈ ਨਹੀਂ ਮਿਲ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਅਜੇ ਵੀ ਉਨ੍ਹਾਂ ਦੀਆਂ ਕਈ ਗੱਡੀਆਂ ਕੰਪਨੀਆਂ ਦੇ ਬਾਹਰ ਆਕਸੀਜਨ ਲੈਣ ਲਈ ਖੜ੍ਹੀਆਂ ਹਨ ਪਰ ਆਕਸੀਜਨ ਨਹੀਂ ਮਿਲੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਹਾਲਾਤ ਇਹ ਬਣੇ ਹੋਏ ਹਨ ਕਿ ਉਹ ਮਰੀਜ਼ਾਂ ਨੂੰ ਅਜੇ ਦਾਖ਼ਲ ਨਹੀਂ ਕਰ ਰਹੇ।
ਇਹ ਵੀ ਪੜ੍ਹੋ : ਮੋਗਾ ਦੇ ਹਸਪਤਾਲਾਂ ’ਚ ਆਕਸੀਜਨ ਦਾ ਸਟਾਕ ਮੁੱਕਣ ਕਿਨਾਰੇ, ਵਾਪਰ ਸਕਦੀ ਮੰਦਭਾਗੀ ਘਟਨਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ