ਡੀ.ਸੀ. ਨਾਲ ਦੁਰਵਿਵਹਾਰ ਕਰਨ ਦੇ ਮਾਮਲੇ 'ਚ ਸਿਮਰਜੀਤ ਬੈਂਸ ਖਿਲਾਫ ਕੇਸ ਦਰਜ

Sunday, Sep 08, 2019 - 09:32 AM (IST)

ਡੀ.ਸੀ. ਨਾਲ ਦੁਰਵਿਵਹਾਰ ਕਰਨ ਦੇ ਮਾਮਲੇ 'ਚ ਸਿਮਰਜੀਤ ਬੈਂਸ ਖਿਲਾਫ ਕੇਸ ਦਰਜ

ਬਟਾਲਾ (ਵਿਨੋਦ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਲਵਲ ਨੂੰ ਧਮਕਾਉਣ, ਬਦਸਲੂਕੀ ਕਰਨ, ਉਨ੍ਹਾਂ ਦੇ ਇੱਜ਼ਤ ਅਤੇ ਵਕਾਰ ਨੂੰ ਖਰਾਬ ਕਰਨ ਅਤੇ ਉਨ੍ਹਾਂ ਦੀ ਡਿਊਟੀ 'ਚ ਵਿਘਨ ਪਾਉਣ ਨੂੰ ਲੈ ਕੇ ਬਟਾਲਾ ਪੁਲਿਸ ਵਲੋਂ ਅੱਜ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲਸ ਜ਼ਿਲਾ ਬਟਾਲਾ ਵਿਖੇ ਐੱਸ.ਡੀ.ਐੱਮ. ਬਟਾਲਾ ਸ੍ਰੀ ਬਲਬੀਰ ਰਾਜ ਸਿੰਘ ਦੇ ਬਿਆਨਾਂ ਉੱਪਰ ਇਹ ਮਾਮਲਾ ਦਰਜ ਹੋਇਆ ਹੈ। ਪੁਲਸ ਨੂੰ ਲਿਖਾਈ ਰਿਪੋਰਟ 'ਚ ਐੱਸ.ਡੀ.ਐੱਮ. ਬਟਾਲਾ ਸ੍ਰੀ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ 4 ਸਤੰਬਰ ਨੂੰ ਬਟਾਲਾ ਸ਼ਹਿਰ ਵਿਖੇ ਇਕ ਪਟਾਖਾ ਫੈਕਟਰੀ 'ਚ ਧਮਾਕਾ ਹੋਣ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 18 ਵਿਅਕਤੀ ਜ਼ਖਮੀ ਹੋ ਗਏ ਸਨ। ਉਸੇ ਦਿਨ ਤੋਂ ਹੀ ਡਿਪਟੀ ਕਮਿਸ਼ਨਰ ਵਿਪਲ ਉਜਵਲ ਆਈ.ਏ.ਐੱਸ. ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਬਟਾਲਾ ਵਿਖੇ ਇਸ ਦੁਖਾਂਤ ਸਬੰਧੀ ਬਚਾਓ ਕਾਰਜਾਂ 'ਚ ਲੱਗੇ ਹੋਏ ਸਨ। ਸਿਵਲ ਹਸਪਤਾਲ ਬਟਾਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ 'ਚ ਡਿਪਟੀ ਕਮਿਸ਼ਨਰ ਨੇ ਆਪਣਾ ਆਰਜ਼ੀ ਦਫਤਰ ਬਣਾਇਆ ਹੋਇਆ ਸੀ ਜਿਥੇ ਉਹ ਪੂਰੇ ਬਚਾਅ ਕਾਰਜਾਂ, ਜ਼ਖਮੀਆਂ ਨੂੰ ਡਾਕਟਰੀ ਸਹੂਲਤਾਂ, ਮ੍ਰਿਤਕਾਂ ਦੀ ਸ਼ਨਾਖਤ, ਪੋਸਟ ਮਾਰਟਮ, ਦਾਹ ਸੰਸਕਾਰ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਸਹਾਇਤਾ ਸਬੰਧੀ ਹਰ ਕਾਰਵਾਈ ਨੂੰ ਆਪਣੀ ਦੇਖ-ਰੇਖ ਹੇਠ ਕਰਵਾ ਰਹੇ ਸਨ।

5 ਸਤੰਬਰ ਨੂੰ ਬਾਅਦ ਦੁਪਹਿਰ ਬਚਾਅ ਕਾਰਜਾਂ ਦਾ ਜਾਇਜਾ ਲੈਣ ਲਈ ਤੇ ਅਣ-ਸ਼ਨਾਖਤੀ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਸਬੰਧੀ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ, ਜਿਸ 'ਚ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਸ. ਤਜਿੰਦਰਪਾਲ ਸਿੰਘ ਸੰਧੂ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ, ਐੱਸ.ਐੱਮ.ਓ. ਬਟਾਲਾ ਡਾ. ਸੰਜੀਵ ਭੱਲਾ, ਡੀ.ਐੱਸ.ਪੀ. ਸਿਟੀ ਬਟਾਲਾ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਅਤੇ ਹੋਰ ਅਧਿਕਾਰੀ ਮੀਟਿੰਗ ਕਰ ਰਹੇ ਸਨ। ਇਸੇ ਦੌਰਾਨ ਆਤਮ ਨਗਰ (ਲੁਧਿਆਣਾ) ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ 20 ਸਾਥੀਆਂ ਸਮੇਤ ਐੱਸ.ਐੱਮ.ਓ. ਦਫਤਰ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਉਥੇ ਮੌਜੂਦ ਅਧਿਕਾਰੀਆਂ ਦੇ ਗੰਨਮੈਨਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅੰਦਰ ਜਰੂਰੀ ਮੀਟਿੰਗ ਚੱਲ ਰਹੀ ਹੈ ਆਪ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਅੰਦਰ ਚਲੇ ਜਾਓ ਅਤੇ ਸਾਰੇ ਸਾਥੀਆਂ ਨੂੰ ਅੰਦਰ ਨਾ ਲੈ ਕੇ ਜਾਓ, ਪਰ ਗੰਨਮੈਨਾਂ ਦੀ ਬੇਨਤੀ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀ ਗੰਨਮੈਨਾਂ ਨੂੰ ਜੋ ਕਿ ਸਰਕਾਰੀ ਮੁਲਾਜ਼ਮ ਹਨ ਨੂੰ ਜ਼ਬਰਨ ਧੱਕਦੇ ਅਤੇ ਉਨ੍ਹਾਂ ਦੀ ਸਰਕਾਰੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਦਫਤਰ ਅੰਦਰ ਆਪਣੇ ਸਮੂਹ ਸਾਥੀਆਂ ਸਮੇਤ ਜਬਰਦਸਤੀ ਦਾਖਲ ਹੋ ਗਏ।

ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਨੇ ਸਤਿਕਾਰ ਸਹਿਤ ਆਪਣੇ ਸਾਹਮਣੇ ਕੁਰਸੀ ਉੱਪਰ ਬੈਠਾਇਆ। ਮ੍ਰਿਤਕ ਸਤਨਾਮ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਦੀ ਸ਼ਨਾਖਤ ਨੂੰ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਗਲਤ ਅਤੇ ਝੂਠੀ ਜਾਣਕਾਰੀ ਦਾ ਹਵਾਲਾ ਦੇ ਕੇ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਸਨ, ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਕਿਹਾ ਕਿ ਮ੍ਰਿਤਕ ਦੀ ਸ਼ਨਾਖਤ ਸਬੰਧੀ ਪ੍ਰਸ਼ਾਸਨ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਪਰ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਅਫਸਰਾਂ ਦੀ ਹਾਜ਼ਰੀ 'ਚ ਡਿਪਟੀ ਕਮਿਸ਼ਨਰ ਨੂੰ ਅਸੱਭਿਅਕ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਦੇ ਅਹੁਦੇ ਦਾ ਵੀ ਧਿਆਨ ਨਹੀਂ ਰੱਖਿਆ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਕਿਹਾ ਕਿ ਸਮੇਂ ਦੀ ਲੋੜ ਮੁਤਾਬਕ ਬਤੌਰ ਜ਼ਿਲਾ ਪ੍ਰਸ਼ਾਸਨ ਮੁਖੀ ਹੋਣ ਦੇ ਨਾਤੇ ਇਸ ਦੁਖਾਂਤ ਦੀ ਘੜ੍ਹੀ 'ਚ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਦੇਵੋ ਅਤੇ ਇਸ ਤਰਾਂ ਬੇਲੋੜਾ ਵਿਘਨ ਨਾ ਪਾਓ। ਪਰ ਇਸਦੇ ਬਾਵਜੂਦ ਸਿਮਰਜੀਤ ਸਿੰਘ ਬੈਂਸ ਨੇ ਡਿਪਟੀ ਕਮਿਸ਼ਨਰ ਨੂੰ ਧਮਕੀ ਭਰੇ ਲਹਿਜੇ 'ਚ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਅਹੁਦੇ ਦੀ ਗਰਿਮਾ ਦਾ ਧਿਆਨ ਨਾ ਰੱਖਦੇ ਹੋਏ ਉਨ੍ਹਾਂ ਦੀ ਸ਼ਾਨ 'ਚ ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ 'ਚ ਮਾੜੇ ਅਤੇ ਗਲਤ ਸ਼ਬਦ ਬੋਲੇ ਅਤੇ ਉਨ੍ਹਾਂ ਦੀ ਸਰਕਾਰੀ ਡਿਊਟੀ 'ਚ ਵਿਘਨ ਪਾਇਆ।

ਐੱਸ.ਡੀ.ਐੱਮ. ਬਟਾਲਾ ਸ੍ਰੀ ਬਲਬੀਰ ਰਾਜ ਸਿੰਘ ਨੇ ਪੁਲਸ ਕੋਲ ਕੀਤੀ ਉਪਰੋਕਤ ਸ਼ਿਕਾਇਤ 'ਚ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਲਵਲ ਨੂੰ ਧਮਕਾਉਣ, ਬਦਸਲੂਕੀ ਕਰਨ, ਉਨ੍ਹਾਂ ਦੇ ਇੱਜ਼ਤ ਅਤੇ ਵਕਾਰ ਨੂੰ ਖਰਾਬ ਕਰਨ ਅਤੇ ਉਨ੍ਹਾਂ ਦੀ ਡਿਊਟੀ 'ਚ ਵਿਘਨ ਪਾਉਣ ਨੂੰ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਬਟਾਲਾ ਪੁਲਿਸ ਵਲੋਂ ਅੱਜ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਧਾਰਾ 186,353,451,177,147,505, 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।


author

Baljeet Kaur

Content Editor

Related News