ਹਥਿਆਰਬੰਦ ਡਕੈਤਾਂ ਨੇ ਲੁੱਟੀ ਸੁਨਿਆਰੇ ਦੀ ਦੁਕਾਨ, 50 ਹਜ਼ਾਰ ਰੁਪਏ ਦੀ ਨਕਦੀ ਤੇ 3 ਡੱਬੇ ਸੋਨਾ ਲੈ ਕੇ ਹੋਏ ਫਰਾਰ
Saturday, Oct 16, 2021 - 02:59 PM (IST)
ਬਟਾਲਾ/ਅਲੀਵਾਲ (ਸਾਹਿਲ, ਸ਼ਰਮਾ) - ਅੱਜ ਕਸਬਾ ਅਲੀਵਾਲ ਵਿਖੇ ਦਿਨ-ਦਿਹਾੜੇ ਹਥਿਆਰਬੰਦ ਨਕਾਬਪੋਸ਼ ਡਕੈਤਾਂ ਵਲੋਂ ਸੁਨਿਆਰੇ ਦੀ ਦੁਕਾਨ ’ਤੇ ਡਾਕਾ ਮਾਰ ਕੇ ਨਕਦੀ ਅਤੇ ਸੋਨਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨਿਆਰੇ ਦੀ ਦੁਕਾਨ ਕਰਦੇ ਦੁਕਾਨਦਾਰ ਬਲਕਾਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਅਲੀਵਾਲ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਇਕ ਵਰਨਾ ਗੱਡੀ, ਜਿਸ ਵਿਚ 5 ਵਿਅਕਤੀ ਸਵਾਰ ਸਨ, ਉਨ੍ਹਾਂ ਦੀ ਦੁਕਾਨ ਅੱਗੇ ਆ ਕੇ ਰੁੱਕ ਗਈ। ਗੱਡੀ ’ਚੋਂ ਨਿਕਲੇ 3 ਨੌਜਵਾਨ, ਜਿੰਨ੍ਹਾਂ ਨੇ ਆਪਣੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ, ਉਹ ਉਸਦੀ ਦੁਕਾਨ ਅੰਦਰ ਆ ਗਏ।
ਉਸ ਨੇ ਦੱਸਿਆ ਕਿ ਸਬੰਧਤ ਨਕਾਬਪੋਸ਼ ਨੌਜਵਾਨਾਂ ਕੋਲਾਂ ਪਿਸਤੌਲਾਂ ਸਨ। ਉਨ੍ਹਾਂ ਨੇ ਦੁਕਾਨ ’ਚ ਵੜ੍ਹਦੇ ਸਾਰ ਰਵਿੰਦਰ ਸਿੰਘ, ਜੋ ਦੁਕਾਨ ’ਤੇ ਬੈਠਾ ਹੋਇਆ ਸੀ, ’ਤੇ ਤਾਣ ਦਿੱਤੀਆਂ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਧਮਕਾਉਂਦਿਆਂ ਹੋਏ ਸੁਨਿਆਰੇ ਦੀ ਦੁਕਾਨ ਵਿਚ ਪਈ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਅਤੇ 4 ਡੱਬੇ ਸੋਨੇ ਦੇ ਲੁੱਟ ਲਏ। ਜਦੋਂ ਉਹ ਆਪਣੀ ਗੱਡੀ ਵੱਲ ਭੱਜਣ ਲੱਗੇ ਤਾਂ ਇਕ ਡੱਬਾ ਸੋਨੇ ਦਾ ਹੇਠਾਂ ਡਿੱਗ ਪਿਆ ਅਤੇ ਬਾਕੀ ਦੇ ਤਿੰਨ ਡੱਬੇ ਸੋਨਾ ਹਥਿਆਰਬੰਦ ਲੁਟੇਰੇ ਆਪਣੇ ਨਾਲ ਲੈ ਕੇ ਮੌਕੇ ਤੋਂ ਬਟਾਲਾ ਸਾਈਡ ਨੂੰ ਫਰਾਰ ਹੋ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਲੁਟੇਰਿਆਂ ਵਲੋਂ ਜਿਸ ਦੁਕਾਨ ’ਤੇ ਡਾਕਾ ਮਾਰਿਆ ਗਿਆ ਹੈ, ਉਹ ਦੁਕਾਨ ਥਾਣੇ ਤੋਂ ਮਹਿਜ਼ 100 ਮੀ. ਦੀ ਦੂਰੀ ’ਤੇ ਹੈ। ਇਹ ਵੀ ਪਤਾ ਲੱਗਾ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਐੱਚ.ਓ ਅਮੋਲਕਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।