ਸਰਬੱਤ ਦਾ ਭਲਾ ਟਰੱਸਟ ਸ੍ਰੀ ਕਰਤਾਰਪੁਰ ਸਾਹਿਬ ਦੀ ਸੰਗਤ ਲਈ ਲਾਏਗਾ 5 ਕਰੋੜ ਦੇ ਪ੍ਰਾਜੈਕਟ
Thursday, Aug 22, 2019 - 10:51 AM (IST)
ਬਟਾਲਾ (ਮਠਾਰੂ) : ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਲੋੜ ਪੈਣ 'ਤੇ ਮਿਆਰੀ ਸਿਹਤ ਸੇਵਾਵਾਂ ਦੇਣ ਅਤੇ ਉਨ੍ਹਾਂ ਲਈ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਹਿਲੇ ਪੜਾਅ ਤਹਿਤ 5 ਕਰੋੜ ਰੁਪਏ ਦੀ ਰਾਸ਼ੀ ਖਰਚ ਕਰ ਕੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ। ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਉਬਰਾਏ ਨੇ ਜਿੱਥੇ ਖੁੱਲ੍ਹੇ ਲਾਂਘੇ ਦੇ ਕਾਰਜਾਂ ਦਾ ਜਾਇਜ਼ਾ ਲਿਆ, ਉੱਥੇ ਨਾਲ ਹੀ ਸੂਬੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਕਰ ਕੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਣ ਰਹੇ ਦੂਤਾਵਾਸ ਘਰ, ਯਾਤਰੀਆਂ ਦੇ ਰਹਿਣ ਲਈ ਬਣਨ ਵਾਲੀਆਂ ਸਰਾਵਾਂ ਤੋਂ ਇਲਾਵਾ ਦਰਸ਼ਨਾਂ ਲਈ ਰੋਜ਼ਾਨਾ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਪੀਣ ਲਈ ਸਾਫ-ਸੁਥਰੇ ਤੇ ਠੰਡੇ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇਗਾ।
ਡਾ. ਉਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਹਸਪਤਾਲ ਦੀ ਹਾਲਤ ਚੰਗੀ ਤਰ੍ਹਾਂ ਸੁਧਾਰੀ ਜਾਵੇਗੀ ਅਤੇ ਇਸ 'ਚ ਡਾਇਲਾਸੈੱਸ ਕੇਂਦਰ ਸਥਾਪਤ ਕਰਨ, ਉੱਚ ਪੱਧਰ ਦੀ ਲੈਬਾਰਟਰੀ ਤੇ ਡਾਇਗਨੋਸਟਿਕ ਸੈਂਟਰ ਖੋਲ੍ਹਣ, ਕੈਂਸਰ ਦੀ ਜਾਂਚ ਲਈ ਵਿਸ਼ੇਸ਼ ਯੂਨਿਟ ਲਾਉਣ, ਅਲਟਰਾ ਸਾਊਂਡ, ਡਿਜੀਟਲ ਐਕਸਰੇ ਦੀ ਸੁਵਿਧਾ ਦੇਣ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਲਈ ਦਵਾਈਆਂ ਦੀ ਦੁਕਾਨ ਤੇ ਡਿਸਪੈਂਸਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।