ਕਣਕ ਨਾਲ ਲੱਦੀ ਟਰੈਕਟਰ-ਟਰਾਲੀ ਹੰਸਲੀ ਡਰੇਨ ''ਚ ਡਿੱਗੀ
Friday, May 03, 2019 - 03:37 PM (IST)

ਬਟਾਲਾ (ਬੇਰੀ) : ਸਥਾਨਕ ਅੰਮ੍ਰਿਤਸਰ-ਜਲੰਧਰ ਬਾਈਪਾਸ ਨਜ਼ਦੀਕ ਕਣਕ ਨਾਲ ਲੱਦੀ ਟਰਾਲੀ ਹੰਸਲੀ ਡਰੇਨ 'ਚ ਡਿੱਗ ਗਈ। ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਟਰੈਕਟਰ-ਟਰਾਲੀ 'ਚ ਭਾਰੀ ਮਾਤਰਾ 'ਚ ਕਣਕ ਲੱਦ ਕੇ ਬਾਈਪਾਸ ਅੰਮ੍ਰਿਤਸਰ-ਜਲੰਧਰ ਦੀ ਹੰਸਲੀ ਡਰੇਨ ਲਾਗਿਓਂ ਲੰਘ ਰਿਹਾ ਸੀ ਕਿ ਸੜਕ ਕਿਨਾਰੇ ਐਂਗਲ ਨਾ ਲੱਗੇ ਹੋਣ ਕਰਕੇ ਟਰਾਲੀ ਹੰਸਲੀ ਨਾਲੇ 'ਚ ਜਾ ਡਿੱਗੀ, ਜਿਸ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਸਥਾਨਕ ਇਲਾਕਾ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੰਸਲੀ ਡਰੇਨ ਸੜਕ ਦੇ ਕਿਨਾਰਿਆਂ 'ਤੇ ਐਂਗਲ ਲਵਾਏ ਜਾਣ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵੀ ਹੰਸਲੀ ਡਰੇਨ 'ਚ ਇਕ ਰਿਕਸ਼ਾ ਚਾਲਕ ਦਾ ਰਿਕਸ਼ਾ ਐਂਗਲ ਕਿਨਾਰਿਆਂ 'ਤੇ ਨਾ ਲੱਗੇ ਹੋਣ ਕਾਰਨ ਡਿੱਗ ਪਿਆ ਸੀ ਪਰ ਸਵਾਰੀਆਂ ਵਾਲ-ਵਾਲ ਬਚ ਗਈਆਂ ਸਨ। ਇਸ ਲਈ ਸਬੰਧਤ ਵਿਭਾਗ ਕੁੰਭਕਰਨੀ ਨੀਂਦਰ ਤੋਂ ਜਾਗੇ ਤੇ ਹੰਸਲੀ ਡਰੇਨ ਦੇ ਕਿਨਾਰਿਆਂ 'ਤੇ ਲੋਹੇ ਦੇ ਐਂਗਲ/ਰੇਲਿੰਗ ਲਾਵੇ।