ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚਿਆ, ਮੌਤ
Wednesday, Aug 28, 2019 - 11:10 AM (IST)

ਬਟਾਲਾ (ਜ. ਬ.) : ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਰਾਏਚੱਕ ਅਤੇ ਚੈਨੇਵਾਲ ਦੇ ਵਿਚਕਾਰ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਜ਼ਖਮੀ ਹੋਏ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਇਸ ਸਬੰਧੀ ਪੂਨਮ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬਲਵੰਤ ਸਿੰਘ ਪੁੱਤਰ ਸੁਰਜਨ ਸਿੰਘ ਉਮਰ 50 ਸਾਲ ਪਿੰਡ ਰਾਏਚੱਕ ਦੇ ਕਿਸਾਨ ਅਮਰੀਕ ਸਿੰਘ ਨਾਲ ਖੇਤੀਬਾੜੀ ਦਾ ਕੰਮ ਕਰ ਰਿਹਾ ਸੀ। ਬੀਤੀ ਰਾਤ ਜਦੋਂ 8 ਕੁ ਵਜੇ ਦੇ ਕਰੀਬ ਖੇਤਾਂ ’ਚ ਪਾਣੀ ਲਾਉਣ ਉਪਰੰਤ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਜ਼ਖਮੀ ਹਾਲਤ ਵਿਚ ਸੜਕ ਕਿਨਾਰੇ ਪਏ ਰਹੇ, ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨੋਚਿਆ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਮੌਕੇ ’ਤੇ ਪੁਲਸ ਪਾਰਟੀ ਸਮੇਤ ਪਹੁੰਚੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।