ਲੋਕ ਇਨਸਾਫ ਪਾਰਟੀ ਵਲੋਂ ਦਿੱਤੇ ਧਰਨੇ ਦੇ ਮਾਮਲੇ ਨੇ 2 ਦਿਨਾਂ ਬਾਅਦ ਫੜਿਆ ਤੂਲ

Saturday, Feb 22, 2020 - 05:51 PM (IST)

ਲੋਕ ਇਨਸਾਫ ਪਾਰਟੀ ਵਲੋਂ ਦਿੱਤੇ ਧਰਨੇ ਦੇ ਮਾਮਲੇ ਨੇ 2 ਦਿਨਾਂ ਬਾਅਦ ਫੜਿਆ ਤੂਲ

ਬਟਾਲਾ (ਬੇਰੀ, ਗੁਰਪ੍ਰੀਤ) : ਲੋਕਾਂ ਦੇ ਹੱਕਾਂ ਅਤੇ ਸੱਚਾਈ ਲਈ ਸੰਘਰਸ਼ ਕਰਦੀ ਆ ਰਹੀ ਲੋਕ ਇਨਸਾਫ ਪਾਰਟੀ ਅੱਜ ਉਸ ਵੇਲੇ ਬਟਾਲਾ ਪੁਲਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਗਈ ਜਦੋਂ ਥਾਣਾ ਸਿਟੀ ਦੀ ਪੁਲਸ ਨੇ ਪਾਰਟੀ ਦੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ ਸਮੇਤ 41 ਕਾਰਜਕਰਤਾਵਾਂ ਦੇ ਵਿਰੁੱਧ ਜ਼ਮਾਨਤੀ ਧਾਰਾਵਾਂ ਲਾ ਕੇ ਸਿਟੀ ਥਾਣੇ ਵਿਚ ਪਰਚਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਲੋਕ ਇਨਸਾਫ ਪਾਰਟੀ ਵਲੋਂ ਸ਼ਹਿਰ ਦੀ ਨਰਕ ਬਣੀ ਹਾਲਤ ਨੂੰ ਲੈ ਕੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ ਦੀ ਅਗਵਾਈ ਹੇਠ ਵਰਕਰਾਂ ਅਤੇ ਸ਼ਹਿਰਵਾਸੀਆਂ ਨੇ ਗਾਂਧੀ ਚੌਕ 'ਚ ਧਰਨਾ ਦਿੱਤਾ ਸੀ। ਇਸ ਦੌਰਾਨ ਧਰਨਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਲਗਾਤਾਰ 3 ਘੰਟੇ ਧਰਨਾ ਦੇ ਕੇ ਜਿਥੇ ਆਵਾਜਾਈ ਠੱਪੀ ਰੱਖੀ, ਉਥੇ ਨਾਲ ਹੀ ਪੁਲਸ ਪ੍ਰਸ਼ਾਸਨ ਦੀ ਇਕ ਵੀ ਸੁਣਦੇ ਹੋਏ ਆਪਣੀ ਮੰਗ ਨੂੰ ਲੈ ਕੇ ਧਰਨਾ ਜਾਰੀ ਰੱਖਿਆ, ਜਿਸ ਦੌਰਾਨ ਧਰਨੇ ਵਾਲੀ ਜਗ੍ਹਾ 'ਤੇ ਪੁਲਸ ਫੋਰਸ ਸਮੇਤ ਪਹੁੰਚੇ ਡੀ. ਐੱਸ. ਪੀ. ਸਿਟੀ ਬੀ. ਕੇ. ਸਿੰਗਲਾ ਨੇ ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ ਅਤੇ ਵਰਕਰਾਂ ਨੂੰ ਜਾਮ ਖੋਲ੍ਹਣ ਦੀ ਹਦਾਇਤ ਕਰਦਿਆਂ ਇਕ ਤਰਫਤਾ ਬੈਠ ਕੇ ਧਰਨਾ ਦੇਣ ਦੀ ਹਦਾਇਤ ਕੀਤੀ ਸੀ। ਇਸ ਦੇ ਨਾਲ ਹੀ ਤ੍ਰੇਹਨ ਨੂੰ ਕਿਹਾ ਸੀ ਕਿ ਜੇਕਰ ਜਾਮ ਨਾ ਖੋਲ੍ਹਿਆ ਤਾਂ ਤੁਹਾਡੇ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੁਣ ਪੁਲਸ ਨੇ ਉਕਤ ਦਿੱਤੇ ਧਰਨੇ ਕਾਰਣ ਵਿਜੈ ਤ੍ਰੇਹਨ ਸਮੇਤ ਕੁਲ 41 ਵਰਕਰਾਂ ਜਿਨ੍ਹਾਂ 'ਚ 12 ਅਣਪਛਾਤੇ ਵੀ ਸ਼ਾਮਲ ਕੀਤੇ ਗਏ ਹਨ, ਵਿਰੁੱਧ ਥਾਣਾ ਸਿਟੀ ਵਿਚ ਧਾਰਾ 188, 283, 341, 431, 148, 149 ਆਈ. ਪੀ. ਸੀ. ਤਹਿਤ ਦਰਜ ਕਰ ਦਿੱਤਾ ਹੈ।

ਇਨ੍ਹਾਂ ਵਰਕਰਾਂ 'ਤੇ ਹੋਇਆ ਕੇਸ ਦਰਜ
ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ ਸਮੇਤ ਜਿਹੜੇ ਅਹੁਦੇਦਾਰਾਂ ਅਤੇ ਵਰਕਰਾਂ ਵਿਰੁੱਧ ਥਾਣਾ ਸਿਟੀ ਵਿਚ ਪੁਲਸ ਨੇ ਦਰਜ ਕੇਸ ਦਰਜ ਕੀਤਾ ਹੈ, ਉਨ੍ਹਾਂ 'ਚ ਰਾਜਵਿੰਦਰ ਕੌਰ ਮਹਿਲਾ ਵਿੰਗ ਦੀ ਮੀਤ ਪ੍ਰਧਾਨ, ਗੁਰਜੀਤ ਕੌਰ ਬਲਾਕ ਪ੍ਰਧਾਨ, ਸ਼ੰਮੀ ਕੁਮਾਰ ਮੀਤ ਪ੍ਰਧਾਨ ਸਿਟੀ ਬਟਾਲਾ, ਤਰੁਣ ਮੀਤ ਪ੍ਰਧਾਨ ਯੂਥ ਸਿਟੀ ਬਟਾਲ, ਦਲਬੀਰ ਕੌਰ ਪ੍ਰਧਾਨ ਵਾਰਡ ਨੰ. 8 ਬਟਾਲਾ, ਮਨਜੀਤ ਕੌਰ ਸਿਟੀ ਵਾਈਸ ਪ੍ਰਧਾਨ ਬਟਾਲਾ, ਵਿਜੇ ਕੁਮਾਰ ਵਾਈਸ ਪ੍ਰਧਾਨ ਹਲਕਾ ਬਟਾਲਾ, ਵਿਕਾਸ ਕੁਮਾਰ ਵਾਰਡ ਪ੍ਰਧਾਨ, ਗੁਰਵਿੰਦਰ ਸਿੰਘ ਵਾਰਡ ਪ੍ਰਧਾਨ, ਨਵਦੀਪ ਕੁਮਾਰ ਵਾਰਡ ਪ੍ਰਧਾਨ, ਅਮਿਤ ਕੁਮਾਰ ਹਲਕਾ ਬਟਾਲਾ ਮੀਡੀਆ ਇੰਚਾਰਜ, ਨਵਜੋਤ ਸਿੰਘ ਪੀ.ਏ. ਲਾਡਾ ਠੇਕੇਦਾਰ, ਭਗਵੰਤ ਸਿੰਘ, ਵਿਜੇ ਕੁਮਾਰ ਵਾਰਡ ਪ੍ਰਧਾਨ, ਉਜਾਲਾ ਖੁੱਲਰ ਵਾਈਸ ਪ੍ਰਧਾਨ ਯੂਥ ਸਿਟੀ ਬਟਾਲਾ, ਮਨਜੀਤ ਸਿੰਘ, ਬਿੱਟੂ, ਕਰਮਜੀਤ ਸਿੰਘ, ਜਗਤਾਰ ਸਿੰਘ, ਅਸ਼ਵਨੀ ਕੁਮਾਰ, ਮਿੰਟੂ ਮਹਾਜਨ, ਸੰਜੀਵ ਕੁਮਾਰ ਵਾਰਡ ਪ੍ਰਧਾਨ, ਵਿੱਕੀ ਅਬਰੋਲ, ਸਤਨਾਮ ਸਿੰਘ, ਅਵਤਾਰ ਸਿੰਘ, ਮਨੋਜ ਕੁਮਾਰ, ਸੁਨੀਲ ਮਹਾਜਨ, ਸਤੀਸ਼ ਮਹਾਜਨ ਸਮੇਤ 12 ਅਣਪਛਾਤੇ ਵਿਅਕਤੀ।

ਰੋਹ 'ਚ ਆਏ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਘੇਰਿਆ ਥਾਣਾ ਸਿਟੀ
ਜ਼ਮਾਨਤੀ ਧਾਰਾਵਾਂ ਹੇਠ ਦਰਜ ਕੀਤੇ ਗਏ ਕੇਸ ਬਾਰੇ ਪਤਾ ਚੱਲਦੇ ਹੀ ਰੋਹ ਵਿਚ ਆਏ ਲੋਕ ਇਨਸਾਫ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਹਲਕਾ ਬਟਾਲਾ ਦੇ ਪ੍ਰਧਾਨ ਵਿਜੈ ਤ੍ਰੇਹਨ ਦੀ ਅਗਵਾਈ ਹੇਠ ਥਾਣਾ ਸਿਟੀ ਵੱਲ ਕੂਚ ਕਰਦੇ ਹੋਏ ਥਾਣੇ ਨੂੰ ਘੇਰਿਆ ਅਤੇ ਜੰਮ ਕੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਾਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਸੀਂ ਧੱਕੇਸ਼ਾਹੀ ਸਹਿਣ ਨਹੀਂ ਕਰਾਂਗੇ। ਇਸ ਦੌਰਾਨ ਵਿਜੈ ਤ੍ਰੇਹਨ ਨੇ ਸਿਟੀ ਪੁਲਸ ਨੂੰ ਸਵਾਲ ਕੀਤਾ ਕਿ ਅੱਜ ਤੱਕ ਜਿੰਨੇ ਧਰਨੇ ਗਾਂਧੀ ਚੌਕ ਵਿਚ ਲੱਗੇ ਹਨ, ਉਨ੍ਹਾਂ ਵਿਚੋਂ ਕਿੰਨਿਆਂ ਵਿਰੁੱਧ ਅੱਜ ਤੱਕ ਕੇਸ ਦਰਜ ਕੀਤੇ ਹਨ ਜਦਕਿ ਉਨ੍ਹਾਂ ਖਿਲਾਫ ਇਕ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੀ ਲੋਕ ਇਨਸਾਫ ਪਾਰਟੀ ਬਟਾਲਾ ਹਲਕੇ ਦੀ ਜਨਤਾ ਲਈ ਕੰਮ ਕਰਦੀ ਆ ਰਹੀ ਹੈ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਏਗੀ।

ਸਾਨੂੰ ਗ੍ਰਿਫਤਾਰ ਕੀਤਾ ਜਾਵੇ, ਧੱਕੇਸ਼ਾਹੀ ਸਹਿਣ ਨਹੀਂ ਕਰਾਂਗੇ : ਵਿਜੈ ਤ੍ਰੇਹਨ
ਥਾਣਾ ਸਿਟੀ 'ਚ ਕੇਸ ਦਰਜ ਹੋਣ ਉਪਰੰਤ ਖਜੂਰੀ ਗੇਟ ਵਿਖੇ ਸੱਦੀ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਵਿਜੈ ਤ੍ਰੇਹਨ ਹਲਕਾ ਬਟਾਲਾ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਬਟਾਲਾ ਵਿਚ ਜਗ੍ਹਾ-ਜਗ੍ਹਾ 'ਤੇ ਲੰਗੇ ਗੰਦਗੀ ਦੇ ਢੇਰਾਂ, ਟੁੱਟੀਆਂ ਸੜਕਾਂ ਅਤੇ ਬੰਦ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਪਿਛਲੇ ਕਰੀਬ ਇਕ ਸਾਲ ਤੋਂ ਮੁਹਿੰਮ ਚਲਾ ਰੱਖੀ ਹੈ, ਜਿਸ ਤਹਿਤ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜਗਾਉਣ ਲਈ ਕਈ ਵਾਰ ਧਰਨੇ ਵੀ ਲਗਾਏ ਹਨ ਅਤੇ ਪ੍ਰਦਰਸ਼ਨ ਵੀ ਕੀਤੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਹਾਸਲ ਹੋਇਆ। ਬੀਤੀ 20 ਫਰਵਰੀ ਨੂੰ ਉਨ੍ਹਾਂ ਨੇ ਗਾਂਧੀ ਚੌਕ ਵਿਚ ਜੋ ਧਰਨਾ ਦਿੱਤਾ ਸੀ, ਉਸ ਵਿਚ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਨਹੀਂ ਪਹੁੰਚਿਆ, ਜਦਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਸ ਸਮੇਂ ਦੌਰਾਨ 6 ਘੰਟੇ ਬਟਾਲਾ ਵਿਚ ਰਹਿ ਕੇ ਪ੍ਰੈੱਸ ਕਾਨਫਰੰਸ ਵੀ ਕਰ ਕੇ ਚਲੇ ਗਏ ਸਨ ਪਰ ਉਨ੍ਹਾਂ ਨੇ ਗਾਂਧੀ ਚੌਕ ਵਿਚ ਲੋਕ ਇਨਸਾਫ ਪਾਰਟੀ ਵੱਲੋਂ ਦਿੱਤੇ ਧਰਨੇ ਵਾਲੀ ਜਗ੍ਹਾ 'ਤੇ ਆਉਣਾ ਮੁਨਾਸਿਬ ਨਹੀਂ ਸਮਝਿਆ ਜਿਸਦੇ ਚਲਦਿਆਂ ਧਰਨਾ ਲੰਬਾ ਚਲਦਾ ਦੇਖ ਨਜ਼ਦੀਕੀ ਦੁਕਾਨਦਾਰਾਂ ਨੇ ਇਤਰਾਜ਼ ਪ੍ਰਗਟਾਇਆ ਤਾਂ ਪਾਰਟੀ ਨੇ ਧਰਨਾ ਚੁੱਕ ਲਿਆ ਪਰ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਅਤੇ ਉਨ੍ਹਾਂ ਆਪਣੇ ਸਿਆਸੀ ਅਤੇ ਸੋੜੇ ਹਿੱਤਾਂ ਨੂੰ ਦੇਖਦਿਆਂ ਪੁਲਸ ਨੂੰ ਕੇਸ ਦਰਜ ਕਰਨ ਲਈ ਮਜਬੂਰ ਕਰ ਦਿੱਤਾ। ਇਸਦੇ ਚਲਦਿਆਂ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ 'ਤੇ ਜੋ ਧਾਰਾ 188, 283, 341, 431, 148, 149 ਆਈ.ਪੀ.ਸੀ ਤਹਿਤ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ, ਉਹ ਬਹੁਤ ਵਿਜੇ ਵਿਜੈ ਤ੍ਰੇਹਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ ਅੰਦਰ ਉਨ੍ਹਾਂ ਵਿਰੁੱਧ ਦਰਜ ਕੇਸ ਰੱਦ ਨਾ ਹੋਇਆ ਤਾਂ ਉਹ ਅਗਲਾ ਪ੍ਰੋਗਰਾਮ ਉਲੀਕਣਗੇ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਕੀ ਕਹਿਣਾ ਹੈ ਐੱਸ.ਐੱਚ.ਓ ਸਿਟੀ ਦਾ
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਟੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਜੈ ਤ੍ਰੇਹਨ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਉਕਤ ਦਰਜ ਕੇਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ ਅਤੇ ਜੇਕਰ ਉਨ੍ਹਾਂ ਵਿਰੁੱਧ ਨਾਜਾਇਜ਼ ਪਰਚਾ ਦਰਜ ਹੋਇਆ ਹੈ ਤਾਂ ਉਸ ਨੂੰ ਖਾਰਿਜ ਕਰ ਦਿੱਤਾ ਜਾਵੇਗਾ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਤ੍ਰੇਹਨ ਤੇ ਸਾਥੀਆਂ ਨੂੰ ਇਕ ਹਫਤੇ ਦਾ ਸਮਾਂ ਆਪਣਾ ਪੱਖ ਰੱਖਣ ਲਈ ਦਿੱਤਾ ਗਿਆ ਹੈ ਜਿਸ 'ਤੇ ਪਾਰਟੀ ਆਗੂਆਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ।


author

Baljeet Kaur

Content Editor

Related News