ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨ ਖੁਸ਼ਕਿਸਮਤ ਸਿੰਘ ਬਣਿਆ ਕਿਸਮਤ ਦਾ ਧਨੀ

11/15/2018 9:27:00 AM

ਬਟਾਲਾ (ਬੇਰੀ, ਅਸ਼ਵਨੀ) : ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਅਪੀਲਾਂ ਦਾ ਇਸ ਵਾਰ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ ਅਤੇ ਇਸ ਵਾਰ ਵੱਡੀ ਗਿਣਤੀ 'ਚ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਅਤੇ ਹੋਰ ਫਸਲਾਂ ਦੀ ਕਾਸ਼ਤ ਕੀਤੀ ਹੈ। ਬਟਾਲਾ ਤਹਿਸੀਲ ਦੇ ਪਿੰਡ ਢੰਡੇ ਦੇ ਕਿਸਾਨ ਖੁਸ਼ਕਿਸਮਤ ਸਿੰਘ ਢਿਲੋਂ ਨੇ ਵੀ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਦੀ ਬਿਜਾਈ ਕਰਕੇ ਵਾਤਾਵਰਨ ਦੀ ਸ਼ੁੱਧਤਾ 'ਚ ਆਪਣਾ ਯੋਗਦਾਨ ਪਾਇਆ ਹੈ। ਨੌਜਵਾਨ ਕਿਸਾਨ ਖੁਸ਼ਕਿਸਮਤ ਸਿੰਘ ਦੱਸਦਾ ਹੈ ਕਿ ਉਸਨੇ ਤਿੰਨ ਸਾਲ ਪਹਿਲਾਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਤੌਬਾ ਕੀਤੀ ਸੀ ਅਤੇ ਉਸਨੇ ਇਹ ਦੇਖਿਆ ਹੈ ਕਿ ਬਿਨਾਂ ਅੱਗ ਲਾਏ ਬੀਜੀਆਂ ਉਸਦੀਆਂ ਫਸਲਾਂ ਦਾ ਝਾੜ ਪਹਿਲਾਂ ਦੇ ਮੁਕਾਬਲੇ ਵੱਧ ਨਿਕਲਦਾ ਹੈ।

ਖੁਸ਼ਕਿਸਮਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਉਸਨੇ 15 ਕਿੱਲੇ ਝੋਨੇ ਦੀ ਫਸਲ ਬੀਜੀ ਸੀ ਅਤੇ ਕੰਬਾਈਨ ਨਾਲ ਕਟਾਈ ਤੋਂ ਬਾਅਦ ਉਸਨੇ ਕੁਝ ਖੇਤਾਂ  'ਚੋਂ ਪਰਾਲੀ ਨੂੰ ਚੁਕਾ ਲਿਆ ਅਤੇ ਬਾਕੀ ਦੇ ਖੇਤਾਂ 'ਚ ਪਰਾਲੀ ਨੂੰ ਖਿਲਾਰ ਦਿੱਤਾ। ਇਸ ਉਪਰੰਤ ਉਸਨੇ ਤਵੀਆਂ ਨਾਲ ਖੇਤ ਵਾਹੁਣ ਤੋਂ ਬਾਅਦ ਰੋਟਾਵੇਟਰ ਨਾਲ ਆਪਣੇ ਖੇਤ ਤਿਆਰ ਕਰਕੇ ਕਣਕ ਦੀ ਬਿਜਾਈ ਕਰ ਦਿੱਤੀ। ਉਸਨੇ ਦੱਸਿਆ ਕਿ ਭਾਵੇਂ ਉਸ ਨੂੰ ਕੁਝ ਮਿਹਨਤ ਤਾਂ ਵੱਧ ਕਰਨੀ ਪਈ ਹੈ ਪਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਉਸਨੇ ਕਿਹਾ ਕਿ ਹੁਣ ਉਸਨੂੰ ਪਹਿਲਾਂ ਦੇ ਮੁਕਾਬਲੇ ਖੇਤਾਂ 'ਚ ਖਾਦ ਵੀ ਘੱਟ ਪਾਉਣੀ ਪੈਂਦੀ ਹੈ, ਜਿਸ ਕਾਰਨ ਉਸਦੇ ਖੇਤੀ ਖਰਚੇ ਵੀ ਘੱਟ ਹੋਏ ਹਨ। ਉਸਨੇ ਫਸਲੀ ਵਿਭਿੰਨਤਾ ਤਹਿਤ 12 ਏਕੜ ਗੰਨੇ ਦੀ ਕਾਸ਼ਤ ਕੀਤੀ ਹੈ ਅਤੇ ਅਜਿਹਾ ਕਰਨ ਨਾਲ ਉਸਨੂੰ ਮੁਨਾਫਾ ਵੀ ਚੰਗਾ ਹੋ ਜਾਂਦਾ ਹੈ। ਉਸਨੇ ਇੱਕ ਏਕੜ 'ਚ ਦਾਲਾਂ ਦੀ ਕਾਸ਼ਤ ਵੀ ਕੀਤੀ ਹੋਈ ਹੈ।ਉਨ੍ਹਾਂ ਦੱਸਿਆ ਕਿ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਬਹੁਤ ਹਾਨੀਕਾਰਕ ਹੈ ਅਤੇ ਕਿਸਾਨਾਂ ਨੂੰ ਇਸ ਰੁਝਾਨ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਬਹੁਤ ਨੁਕਸਾਨ ਹਨ ਜਿਨ੍ਹਾਂ ਦੀ ਭਰਪਾਈ ਸ਼ਾਇਦ ਕਦੀ ਵੀ ਕੀਤੀ ਨਹੀਂ ਜਾ ਸਕਦੀ। ਉਸਨੇ ਦੱਸਿਆ ਕਿ ਉਹ ਖੇਤੀ ਮਾਹਿਰਾਂ ਦੀਆਂ ਸਲਾਹਾਂ ਨੂੰ ਅਪਣਾਅ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਪਹਿਲਾਂ ਦੇ ਮੁਕਾਬਲੇ ਉਸਦੇ ਖੇਤੀ ਖਰਚੇ ਵੀ ਘਟੇ ਹਨ ਅਤੇ ਵੱਧ ਪੈਦਾਵਾਰ ਹੋਣ ਕਾਰਨ ਉਸਦੀ ਆਮਦਨ ਵੀ ਵਧੀ ਹੈ।


Baljeet Kaur

Content Editor

Related News