ਬਸਤੀ ਮਿੱਠੂ ’ਚ ਸ਼ਰਾਬ ਸਮੱਗਲਰਾ ਨੂੰ ਦੇਖ ਕੇ ਲੋਕਾਂ ’ਚ ਭੜਕਿਆ ਗੁੱਸਾ
Saturday, Jul 21, 2018 - 07:49 AM (IST)

ਜਲੰਧਰ, (ਮ੍ਰਿਦੁਲ)- ਸੂਬੇ ਵਿਚ ਇਸ ਸਮੇਂ ਨਸ਼ੇ ਦੇ ਕਹਿਰ ਦੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਜਿਸ ਦਾ ਪੁਖਤਾ ਸਬੂਤ ਨੌਜਵਾਨਾਂ ਅਤੇ ਲੋਕਾਂ ਦੀ ਮੌਤ ਹੈ। ਇਸ ਸਮੇਂ ਸੂਬੇ ਵਿਚ ਕੁੱਲ 20 ਮੌਤਾਂ ਹੋ ਚੁੱਕੀਆਂ ਹਨ ਪਰ ਸ਼ਰਾਬ ਸਮੱਗਲਰ ਇਸ ਸਮੇਂ ਸੂਬੇ ਵਿਚ ਧੜੱਲੇ ਨਾਲ ਸ਼ਰਾਬ ਵੇਚ ਰਹੇ ਹਨ, ਪਰ ਇਸ ਵਾਰ ਲੋਕਾਂ ਦਾ ਸ਼ਰਾਬ ਸਮੱਗਲਰਾਂ ’ਤੇ ਗੁੱਸਾ ਫੁੱਟਿਆ ਪਰ ਲੋਕਾਂ ਨੇ ਉਸ ਨੂੰ ਰੋਕਣ ਲਈ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਲਿਆ। 2 ਦਿਨ ਪਹਿਲਾਂ ਬਸਤੀ ਮਿੱਠੂ ਦੇ ਇਲਾਕੇ ਵਿਚ ਲੋਕਾਂ ਨੇ ਰਾਤ 9 ਵਜੇ ਦੇ ਕਰੀਬ ਇਕ ਸ਼ਰਾਬ ਸਮੱਗਲਰ ਨੂੰ ਫੜ ਕੇ ਉਸ ਦੇ ਕੋਲੋਂ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਅਤੇ ਉਕਤ ਸ਼ਰਾਬ ਸਮੱਗਲਰ ਵਰਿੰਦਰ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ’ਤੇ ਕੇਸ ਦਰਜ ਕਰਕੇ ਉਸ ਨੂੰ ਜੇਲ ਭੇਜ ਦਿੱਤਾ। ਹਾਲਾਂਕਿ ਪੁਲਸ ਦੇ ਮੁਤਾਬਕ ਲੋਕਾਂ ਦਾ ਇਹ ਕਦਮ ਬਿਲਕੁਲ ਗਲਤ ਹੈ ਪਰ ਲੋਕਾਂ ਦੇ ਮੁਤਾਬਕ ਉਨ੍ਹਾਂ ਵੱਲੋਂ ਸ਼ਰਾਬ ਤੇ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਇਸ ਤਰ੍ਹਾਂ ਦਾ ਕਦਮ ਉਠਾਉਣਾ ਪਵੇਗਾ। ਇਸ ਸਬੰਧ ਵਿਚ ਲੋਕਾਂ ਨੇ ਸ਼ਰਾਬ ਸਮੱਗਲਰ ਨੂੰ ਕੁੱਟ ਕੇ ਵੀਡੀਓ ਵੀ ਬਣਾਈ ਹੈ।