ਦੁਖ਼ਦ ਖ਼ਬਰ: ਇੱਧਰ ਲੜਕੀ ਦੀ ਡੋਲੀ ਹੋਈ ਵਿਦਾ, ਉੱਧਰ ਪਿਤਾ ਤੇ ਦਾਦੀ ਦੀ ਹੋਈ ਅੰਤਿਮ ਵਿਦਾਈ
Saturday, Jun 13, 2020 - 01:51 PM (IST)
ਬੱਸੀ ਪਠਾਣਾਂ (ਰਾਜਕਮਲ) : ਬੱਸੀ ਪਠਾਣਾਂ 'ਚ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁਖਾਂਤ ਘਟਨਾ ਦੇਖਣ ਨੂੰ ਮਿਲੀ ਜਦੋਂ ਇਕ ਪਰਿਵਾਰ ਦੀਆਂ ਖੁਸ਼ੀਆਂ 'ਤੇ ਗਮੀ ਦੇ ਬੱਦਲ ਛਾ ਗਏ। ਇਹ ਘਟਨਾ ਪੁਰਾ ਮੁਹੱਲਾ ਵਾਰਡ ਨੰ. 5 ਦੀ ਹੈ ਜਦੋਂ 10 ਜੂਨ ਨੂੰ ਇਕ ਧੀ ਦਾ ਵਿਆਹ ਹੋਣਾ ਸੀ ਤੇ ਜਲੰਧਰ ਤੋਂ ਬਾਰਾਤ ਆਉਣੀ ਸੀ। ਲੜਕੀ ਰਮਕਾ ਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਤੇ 9 ਜੂਨ ਦੀ ਰਾਤ ਨੂੰ ਜਾਗੋ ਕੱਢੀ ਗਈ ਤੇ ਲੜਕੀ ਦਾ ਪਿਤਾ ਜਗਦੀਸ਼ ਕੁਮਾਰ ਜੋ ਕਿ ਐੱਫ਼. ਸੀ. ਆਈ. 'ਚ ਕੰਮ ਕਰਦੇ ਸੀ, ਉਹ ਵੀ ਆਪਣੀ ਬੇਟੀ ਦੇ ਵਿਆਹ ਲਈ ਬਹੁਤ ਖੁਸ਼ ਸਨ, ਕਿਉਂਕਿ ਅਗਲੇ ਦਿਨ ਬਾਰਾਤ ਆਉਣ ਸੀ, ਜਿਸ ਦੀਆਂ ਤਿਆਰੀਆਂ ਲਈ ਉਹ 9 ਜੂਨ ਦੀ ਰਾਤ ਨੂੰ ਆਪਣੇ ਕਮਰੇ 'ਚ ਜਾ ਕੇ ਸੌ ਗਏ।
ਇਹ ਵੀ ਪੜ੍ਹੋਂ : ਬਠਿੰਡਾ 'ਚ ਵਧਿਆ ਕੋਰੋਨਾ ਦਾ ਕਹਿਰ, ਇਕ ਹੋਰ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਜਗਦੀਸ਼ ਕੁਮਾਰ ਦੇ ਰਿਸ਼ਤੇਦਾਰ ਰਵਿੰਦਰ ਕੁਮਾਰ ਰਿੰਕੂ ਨੇ ਦੱਸਿਆ ਕਿ ਜਦੋਂ ਅਗਲੀ ਸਵੇਰੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਬੱਸੀ ਪਠਾਣਾਂ ਤੇ ਫਿਰ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪਰ ਵਿਆਹ 'ਚ ਕੋਈ ਵਿਘਨ ਨਾ ਪਵੇ ਇਸ ਲਈ ਲੜਕੀ ਨੂੰ ਬਿਨਾਂ ਦੱਸੇ ਜਗਦੀਸ਼ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ। ਕੁਝ ਦੇਰ ਬਾਅਦ ਬਾਰਾਤ ਆ ਗਈ, ਜਿਸ ਦੀਆਂ ਸਾਰੀਆਂ ਰਸਮਾਂ ਨੂੰ ਲੜਕੀ ਪਰਿਵਾਰ ਵਲੋਂ ਕਲੇਜੇ 'ਤੇ ਪੱਥਰ ਰੱਖ ਕੇ ਨਿਭਾਇਆ ਗਿਆ ਅਤੇ ਦੁਪਹਿਰ ਕਰੀਬ 3.30 ਵਜੇ ਜਦੋਂ ਡੋਲੀ ਵਿਦਾ ਹੋਣ ਦਾ ਸਮਾਂ ਹੋਇਆ ਤਾਂ ਇਸੇ ਦੌਰਾਨ ਲੜਕੀ ਦੀ ਦਾਦੀ ਕਮਲਾ ਦੇਵੀ (80) ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸੀ, ਉਨ੍ਹਾਂ ਨੇ ਵੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋਂ : ਟੱਲੀ ਹੋਏ ਏ.ਐੱਸ.ਆਈ. ਦੀ ਵੀਡੀਓ ਵਾਇਰਲ, ਭੰਗੜਾ ਪਾਉਂਦਿਆਂ ਬੀਬੀ ਨੂੰ ਧਮਕਾਇਆ (ਵੀਡੀਓ)
ਇੱਥੇ ਵੀ ਲੜਕੀ ਨੂੰ ਬਿਨਾਂ ਦੱਸੇ ਉਸ ਦੀ ਡੋਲੀ ਵਿਦਾ ਕੀਤੀ ਗਈ, ਜਿਸ ਉਪਰੰਤ ਮਾਂ ਪੁੱਤ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਲੜਕੀ ਦਾ ਵਿਆਹ 17 ਅਪ੍ਰੈਲ ਨੂੰ ਹੋਣਾ ਸੀ ਪਰ ਲਾਕਡਾਊਨ ਕਰ ਕੇ ਇਹ ਤਰੀਕ ਅੱਗੇ ਪਾ ਦਿੱਤੀ ਗਈ ਸੀ ਤੇ ਹੁਣ ਲਾਕਡਾਊਨ ਖੁੱਲ੍ਹਣ 'ਤੇ ਵਿਆਹ 26 ਜੂਨ ਨੂੰ ਹੋਣਾ ਸੀ ਪਰ ਲੜਕੀ ਦੀ ਦਾਦੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਰ ਕੇ ਵਿਆਹ 10 ਜੂਨ ਨੂੰ ਤੈਅ ਕੀਤਾ ਗਿਆ ਸੀ ਅਤੇ ਇਸੇ ਦਿਨ ਲੜਕੀ ਦੀ ਵਿਦਾਈ ਦੇ ਨਾਲ-ਨਾਲ ਉਸ ਦੀ ਦਾਦੀ ਤੇ ਪਿਤਾ ਦਾ ਅੰਤਿਮ ਸੰਸਕਾਰ ਵੀ ਕਰਨਾ ਰੂਹ ਕੰਬਾਉਣ ਵਾਲੀ ਘਟਨਾ ਹੈ।
ਇਹ ਵੀ ਪੜ੍ਹੋਂ : ਕੋਰੋਨਾ 'ਤੇ ਭਾਰੀ ਪਈ ਆਸਥਾ, ਦਿਨੋਂ-ਦਿਨ ਵਧ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਆਮਦ