ਕਤਲ ਦੇ ਕੇਸ ''ਚ 6 ਮੁਲਜ਼ਮ ਕਾਬੂ, ਡੇਢ ਸਾਲ ਪਹਿਲਾਂ ਦਿੱਤਾ ਸੀ ਵਾਰਦਾਤ ਨੂੰ ਅੰਜਾਮ

07/21/2019 11:24:01 AM

ਬੱਸੀ ਪਠਾਣਾਂ (ਰਾਜਕਮਲ, ਜਗਦੇਵ, ਬਖਸ਼ੀ) - ਕਰੀਬ ਡੇਢ ਸਾਲ ਪਹਿਲਾਂ ਪਿੰਡ ਘੁਮੰਡਗੜ੍ਹ ਨੇੜੇ ਵਾਪਰੀ ਕਤਲ ਦੀ ਵਾਰਦਾਤ ਸਬੰਧੀ ਪੁਲਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਟਿਵਾਣਾ ਡੀ. ਐੱਸ. ਪੀ. (ਮੇਜਰ ਕ੍ਰਾਈਮ) ਅਤੇ ਸੁਖਵਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਸ ਸਬ-ਡਵੀਜ਼ਨ ਬੱਸੀ ਪਠਾਣਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ 391 ਸਟਾਫ ਸਰਹਿੰਦ ਦੀ ਅਗਵਾਈ 'ਚ ਥਾਣਾ ਬੱਸੀ ਪਠਾਣਾਂ ਤੇ ਸੀ. ਆਈ. ਏ. ਸਟਾਫ ਸਰਹਿੰਦ ਦੀ ਪੁਲਸ ਪਾਰਟੀ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇੰਸ. ਕੁੰਵਰਪਾਲ ਸਿੰਘ ਮੁੱਖ ਅਫਸਰ ਥਾਣਾ ਬੱਸੀ ਪਠਾਣਾਂ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ 22.10.2017 ਨੂੰ ਜਸਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਲੌੜ ਆਪਣੇ ਦੋ ਹੋਰ ਸਾਥੀਆਂ ਜਗਰੂਪ ਸਿੰਘ ਪੁੱਤਰ ਮਾਨ ਸਿੰਘ ਵਾਸੀ ਮੌਲੀ ਬੈਦਵਾਨ ਅਤੇ ਕਾਰੀਗਰ ਭੂਰਾ ਸਿੰਘ ਪੁੱਤਰ ਰਾਮਵੀਰ ਸਿੰਘ ਵਾਸੀ ਪਿੰਡ ਕਲੌੜ ਸਮੇਤ ਆਪਣੇ ਮੋਟਰਸਾਈਕਲ 'ਤੇ ਬੱਸੀ ਪਠਾਣਾਂ ਸਾਈਡ ਤੋਂ ਆਪਣੇ ਪਿੰਡ ਕਲੌੜ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਬੱਸ ਅੱਡਾ ਘੁਮੰਡਗੜ੍ਹ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਜਸਪ੍ਰੀਤ ਸਿੰਘ ਅਤੇ ਕਾਰੀਗਰ ਭੂਰਾ ਸਿੰਘ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਜਸਪ੍ਰੀਤ 'ਤੇ ਰਾਡਾਂ ਤੇ ਸਰੀਏ ਨਾਲ ਵਾਰ ਕੀਤੇ ਸਨ। ਜਗਰੂਪ ਸਿੰਘ ਮੌਕੇ ਤੋਂ ਭੱਜ ਗਿਆ ਸੀ। ਜਸਪ੍ਰੀਤ ਸਿੰਘ ਅਤੇ ਭੂਰਾ ਸਿੰਘ ਨੂੰ ਪਹਿਲਾਂ ਇਲਾਜ ਲਈ ਬਾਵਾ ਨਰਸਿੰਗ ਹੋਮ, ਬੱਸੀ ਪਠਾਣਾਂ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਭੂਰਾ ਸਿੰਘ ਦੇ ਘੱਟ ਸੱਟਾਂ ਲੱਗੀਆਂ ਹੋਣ ਕਾਰਣ ਉਸ ਨੂੰ ਛੁੱਟੀ ਮਿਲ ਗਈ ਸੀ ਪਰ ਜਸਪ੍ਰੀਤ ਸਿੰਘ ਦੇ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਜਸਪ੍ਰੀਤ ਸਿੰਘ ਦੀ 2.11.2017 ਨੂੰ ਰਾਤ ਸਮੇਂ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਕਰੀਬ 1 ਸਾਲ 8 ਮਹੀਨਿਆਂ ਬਾਅਦ ਪੁਲਸ ਨੇ ਇਨ੍ਹਾਂ ਅਣਪਛਾਤੇ ਮੁਲਜ਼ਮਾਂ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਲ 9 ਨੌਜਵਾਨ ਵਿਅਕਤੀਆਂ ਦਾ ਗੈਂਗ ਹੈ, ਜਿਨ੍ਹਾਂ ਵਿਚੋਂ ਮੁੱਖ ਮੁਲਜ਼ਮ ਜਸਵਿੰਦਰ ਸਿੰਘ ਉਰਫ ਕਾਲੂ ਵਾਸੀ ਪਿੰਡ ਭੰਗੂਆਂ ਥਾਣਾ ਬੱਸੀ ਪਠਾਣਾਂ, ਚੰਨਪ੍ਰੀਤ ਸਿੰਘ (ਜਸਵਿੰਦਰ ਸਿੰਘ ਦਾ ਭਾਣਜਾ), ਅਰਵਿੰਦਰ ਸਿੰਘ ਉਰਫ ਅਮਨ ਵਾਸੀਆਨ ਪਿੰਡ ਬਜਹੇੜੀ ਥਾਣਾ ਸਦਰ ਖਰੜ ਜ਼ਿਲਾ ਐੱਸ. ਏ. ਐੱਸ. ਨਗਰ, ਤਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਉੱਪਲਹੇੜੀ ਥਾਣਾ ਸਦਰ ਰਾਜਪੁਰਾ, ਹਰਸ਼ਦੀਪ ਸਿੰਘ, ਦਵਿੰਦਰ ਸਿੰਘ ਉਰਫ ਬੰਟੀ ਵਾਸੀਆਨ ਪਿੰਡ ਚਲਹੇੜੀ ਥਾਣਾ ਸ਼ੰਭੂ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ 3 ਹੋਰ ਮੁਲਜ਼ਮਾਂ ਦਵਿੰਦਰ ਸਿੰਘ ਉਰਫ ਦਿਲਬਰ ਵਾਸੀ ਪਿੰਡ ਚਲਹੇੜੀ ਥਾਣਾ ਸ਼ੰਭੂ, ਗੁਰਵਿੰਦਰ ਸਿੰਘ ਵਾਸੀ ਪਿੰਡ ਮਦਨਪੁਰ ਥਾਣਾ ਸ਼ੰਭੂ ਤੇ ਗੁਰਸੇਵਕ ਸਿੰਘ ਉਰਫ ਲਾਲਾ ਵਾਸੀ ਪਿੰਡ ਖਾਨਪੁਰ ਜ਼ਿਲਾ ਪਟਿਆਲਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪਲਸ ਨੇ ਵਾਰਦਾਤ ਵਿਚ ਵਰਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ।

ਮੁੱਢਲੀ ਪੁੱਛ-ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਦੇ ਪਿੱਛੇ ਮੁਲਜ਼ਮ ਜਸਵਿੰਦਰ ਸਿੰਘ ਵਾਸੀ ਭੰਗੂਆਂ ਦੀ ਜਸਪ੍ਰੀਤ ਸਿੰਘ ਵਾਸੀ ਕਲੌੜ ਨਾਲ ਪੈਸੇ ਦੇ ਲੈਣ-ਦੇਣ ਸਬੰਧੀ ਰੰਜਿਸ਼ ਸੀ। ਜਸਪ੍ਰੀਤ ਸਿੰਘ ਟਰੈਵਲ ਏਜੰਟ ਦਾ ਕੰਮ ਕਰਦਾ ਸੀ, ਜਿਸ ਨੇ ਮੁਲਜ਼ਮ ਜਸਵਿੰਦਰ ਸਿੰਘ ਨੂੰ ਅਪ੍ਰੈਲ 2017 ਵਿਚ ਮਲੇਸ਼ੀਆ ਭੇਜਿਆ ਸੀ ਅਤੇ ਇਸ ਦੇ ਬਦਲੇ 1,20,000 ਰੁਪਏ ਲਏ ਸਨ ਤੇ ਨਾਲ ਇਹ ਵੀ ਕਿਹਾ ਸੀ ਕਿ ਮਲੇਸ਼ੀਆ ਵਿਖੇ ਜਸਵਿੰਦਰ ਸਿੰਘ ਨੂੰ 42,000 ਰੁਪਏ ਪ੍ਰਤੀ ਮਹੀਨੇ 'ਤੇ ਕੰਮ ਵੀ ਦਿਵਾਏਗਾ, ਪਰ ਮਲੇਸ਼ੀਆ ਵਿਖੇ ਜਸਵਿੰਦਰ ਸਿੰਘ ਨੂੰ 17,000 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ, ਜਿਸ ਕਾਰਨ ਜਸਵਿੰਦਰ ਸਿੰਘ ਸਤੰਬਰ 2017 'ਚ ਵਾਪਸ ਪੰਜਾਬ ਆ ਗਿਆ। ਜਸਪ੍ਰੀਤ ਸਿੰਘ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਤੇ ਇਨ੍ਹਾਂ ਦੋਵਾਂ ਵਿਚਾਲੇ ਬਹਿਸਬਾਜ਼ੀ ਹੋਈ ਸੀ। ਇਸੇ ਤਕਰਾਰ ਕਾਰਨ ਮੁਲਜ਼ਮ ਜਸਵਿੰਦਰ ਸਿੰਘ ਨੇ ਆਪਣੇ ਭਾਣਜੇ ਚੰਨਪ੍ਰੀਤ ਸਿੰਘ ਤੇ ਅਰਵਿੰੰਦਰ ਸਿੰਘ ਨਾਲ ਸਾਜ਼ਿਸ਼ ਘੜ ਕੇ ਉਨ੍ਹਾਂ ਦੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਗੁਰਸੇਵਕ ਸਿੰਘ ਉਰਫ ਲਾਲਾ ਵਾਸੀ ਪਿੰਡ ਖਾਨਪੁਰ ਬੜਿੰਗ ਜ਼ਿਲਾ ਪਟਿਆਲਾ 'ਤੇ ਪਹਿਲਾਂ ਵੀ ਮੁਕੱਦਮਾ ਜ਼ਿਲਾ ਪਟਿਆਲਾ ਵਿਖੇ ਦਰਜ ਹੈ।


rajwinder kaur

Content Editor

Related News