ਬਾਸਮਤੀ ਅਤੇ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਦਾ ਰੁਝਾਨ ਵਧਿਆ

Thursday, Jun 15, 2023 - 11:20 AM (IST)

ਬਾਸਮਤੀ ਅਤੇ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਦਾ ਰੁਝਾਨ ਵਧਿਆ

ਪੱਖੋ ਕਲਾਂ ਰੂੜੇਕੇ ਕਲਾਂ (ਮੁਖਤਿਆਰ)- ਪੰਜਾਬ ਖ਼ਾਸ ਕਰ ਕੇ ਮਾਲਵਾ ਖੇਤਰ ’ਚ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਲੈਵਲ ਨੇ ਸਭ ਨੂੰ ਚਿੰਤਾ ’ਚ ਪਾ ਦਿੱਤਾ ਹੈ। ਬੇਸ਼ੱਕ ਇਸ ਸਬੰਧੀ ਕਾਫ਼ੀ ਸਮੇਂ ਤੋਂ ਸਰਕਾਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ’ਤੇ ਸੁਚੇਤ ਕੀਤਾ ਜਾ ਰਿਹਾ ਹੈ ਪਰ ਵੱਧ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਦਾ ਝਾੜ ਘੱਟ ਹੋਣ ਕਰ ਕੇ ਪਿਛਲੇ ਲੰਬੇ ਸਮੇਂ ਤੋਂ ਜ਼ਿਆਦਾਤਰ ਕਿਸਾਨ ਪੂਸਾ 44 ਅਤੇ ਪੀਲੀ ਪੂਸਾ ਨੂੰ ਤਰਜੀਹ ਦੇ ਰਹੇ ਹਨ। ਪਿਛਲੇ ਸਾਲ ’ਚ ਪੀ.ਆਰ. 126 ਦੇ ਨਿਕਲੇ ਰਿਕਾਰਡਤੋੜ ਝਾੜ ਕਾਰਨ ਹੁਣ ਬਹੁਤ ਕਿਸਾਨਾਂ ਨੇ ਇੱਧਰ ਵੱਲ ਰੁਖ ਕੀਤਾ ਹੈ। ਮਾਲਵਾ ਖੇਤਰ ’ਚ 30 ਫ਼ੀਸਦੀ ਤੋਂ ਉੱਪਰ ਰਕਬਾ ਪੀ. ਆਰ. 126 ਦੇ ਹੇਠਾਂ ਆਉਣ ਦੀ ਉਮੀਦ ਹੈ, ਜੋ ਪੰਜਾਬ ਦੇ ਭਵਿੱਖ ਲਈ ਇਕ ਚੰਗਾ ਸੁਨੇਹਾ ਹੀ ਕਿਹਾ ਹੈ।

ਕਿਫਾਇਤੀ ਹੈ ਪੀ. ਆਰ.126
ਪੀ. ਏ. ਯੂ. ਦੀ ਖੋਜ ਇਹ ਕਿਸਮ ਪੂਸਾ ਦੇ ਮੁਕਾਬਲੇ ਕਿਸਾਨ ਅਤੇ ਵਾਤਾਵਰਣ ਲਈ ਤੀਹਰੀ ਕਿਫਾਇਤੀ ਹੈ। ਇਹ ਕਿਸਮ ਪੂਸਾ ਨਾਲੋਂ 30 ਤੋਂ 35 ਦਿਨ ਘੱਟ ਸਮਾਂ ਲੈਂਦੀ ਹੈ। ਇਸ ਦੀ ਪਨੀਰੀ ਦੀ ਬਿਜਾਈ ਅੱਧ ਜੂਨ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਖੇਤ ’ਚ ਲਵਾਈ ਅੱਧ ਜੁਲਾਈ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ, ਜਿਸ ਕਾਰਨ ਪਾਣੀ ਦੀ ਬਹੁਤ ਬੱਚਤ ਹੋਵੇਗੀ। ਇਹ ਕਿਸਮ ਨੂੰ ਪੂਸਾ ਦੇ ਮੁਕਾਬਲੇ ਬੀਮਾਰੀ ਵੀ ਘੱਟ ਲੱਗਦੀ ਹੈ ਅਤੇ ਪਰਾਲੀ ਵੀ ਆਮ ਕਿਸਮਾਂ ਤੋਂ ਘੱਟ ਹੁੰਦੀ ਹੈ। ਇਸ ਨੂੰ ਕਟਾਈ ਤੋਂ ਬਾਅਦ ਬੜੀ ਅਸਾਨੀ ਨਾਲ ਬਗੈਰ ਅੱਗ ਲਾਏ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਪ੍ਰਦੂਸ਼ਣ ਦਾ ਮਸਲਾ ਵੀ ਕਾਫ਼ੀ ਹੱਦ ਤਕ ਹੱਲ ਹੁੰਦਾ ਹੈ।

ਸਰਕਾਰ ਬਾਸਮਤੀ ਕਿਸਮਾਂ ਦੀ ਖਰੀਦ ਦਾ ਪ੍ਰਬੰਧ ਕਰੇ
ਬੇਸ਼ੱਕ ਮਾਝੇ ਤੇ ਦੁਆਬੇ ’ਚ ਬਾਸਮਤੀ ਕਿਸਮਾਂ ਦੀ ਬਿਜਾਈ ਕਾਫ਼ੀ ਹੋ ਰਹੀ ਹੈ ਪਰ ਮਾਲਵੇ ’ਚ ਇਹ ਰੁਝਾਨ ਘੱਟ ਹੈ, ਜਿਸ ਕਾਰਨ ਇਸ ਦੀ ਖਰੀਦ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ। ਇਸ ਨੂੰ ਵੇਚਣ ਲਈ ਕਿਸਾਨਾਂ ਨੂੰ ਹਰਿਆਣਾ ਦੀਆਂ ਮੰਡੀਆਂ ’ਚ ਜਾਣਾ ਪੈਂਦਾ ਹੈ। ਕਿਸਾਨ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਅਤੇ ਸੇਵਕ ਸਿੰਘ ਨੇ ਕਿਹਾ ਕਿ ਸਰਕਾਰ ਬਾਸਮਤੀ ਕਿਸਮਾਂ ਦੀ ਖਰੀਦ ਅਤੇ ਪੀੜਾਈ ਦਾ ਪ੍ਰਬੰਧ ਕਰੇ, ਜਿਸ ਨਾਲ ਜਿੱਥੇ ਕਿਸਾਨਾਂ ਨੂੰ ਆਸਾਨੀ ਹੋਵੇਗੀ, ਉੱਥੇ ਹੀ ਫ਼ਸਲ ਦਾ ਵੀ ਵਧੀਆ ਰੇਟ ਮਿਲਣ ਦੀ ਸੰਭਾਵਨਾ ਬਣੇਗੀ।

ਖੇਤੀਬਾੜੀ ਮਹਿਕਮੇ ਵੱਲੋਂ ਉਪਰਾਲੇ ਜਾਰੀ : ਮੁੱਖ ਖੇਤੀਬਾੜੀ ਅਫ਼ਸਰ
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਮਹਿਕਮੇ ਵੱਲੋਂ ਪਿੰਡ-ਪਿੰਡ ਜਾ ਕੇ ਸਹਿਕਾਰੀ ਸੋਸਾਇਟੀਆਂ ਅਤੇ ਸਾਂਝੀਆਂ ਥਾਵਾਂ ’ਤੇ ਕੈਂਪ ਲਾ ਕੇ ਕਿਸਾਨਾਂ ਨੂੰ ਪਾਣੀ ਦੀ ਮਹੱਤਤਾ ਅਤੇ ਪਰਾਲੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਮਦਨ ਵਧਾਉਣ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਸੁਚੇਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਉਹ ਇਹ ਫਰਜ਼ ਨਿਭਾਅ ਰਹੇ ਹਨ ।


author

rajwinder kaur

Content Editor

Related News