ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ ਪਿੰਡ ਰਣਸੋਤਾ

Sunday, Dec 03, 2017 - 12:51 PM (IST)

ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ ਪਿੰਡ ਰਣਸੋਤਾ

ਹਾਜੀਪੁਰ (ਜ. ਬ.)— ਬਲਾਕ ਦਾ ਪਿੰਡ ਰਣਸੋਤਾ ਦੇਸ਼ ਦੀ ਆਜ਼ਾਦੀ ਤੋਂ ਲੰਮੇ ਸਮੇਂ ਬਾਅਦ ਵੀ ਆਪਣੇ ਵਿਕਾਸ ਦੀ ਜੰਗ ਲੜਨ ਲਈ ਮਜਬੂਰ ਹੈ। ਸੂਬੇ 'ਚ ਹਾਲਾਂਕਿ ਸਮੇਂ-ਸਮੇਂ 'ਤੇ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਸੱਤਾ 'ਤੇ ਕਾਬਜ਼ ਰਹੀਆਂ ਹਨ ਪਰ ਇਸ ਪਿੰਡ 'ਚ ਸਿਵਾਏ ਗਲੀਆਂ-ਨਾਲੀਆਂ ਪੱਕੀਆਂ ਹੋਣ ਤੋਂ ਹੋਰ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲੀ। 
ਪੀਣ ਵਾਲੇ ਪਾਣੀ ਦੀ ਹੈ ਕਮੀ : ਪਿੰਡ 'ਚ ਪੀਣ ਵਾਲੇ ਪਾਣੀ ਦੀ ਮੁੱਢਲੀ ਸਹੂਲਤ ਲੋਕਾਂ ਨੂੰ ਸਹੀ ਰੂਪ 'ਚ ਨਹੀਂ ਮਿਲ ਸਕੀ ਹੈ। ਕਦੇ-ਕਦੇ ਹੀ ਅਜਿਹਾ ਮੌਕਾ ਦੇਖਣ ਨੂੰ ਮਿਲਦਾ ਹੈ, ਜਦੋਂ ਟੂਟੀਆਂ 'ਚ ਪਾਣੀ ਪੂਰੇ ਪ੍ਰੈਸ਼ਰ ਨਾਲ ਆਉਂਦਾ ਹੋਵੇ। ਆਮ ਤੌਰ 'ਤੇ ਟੂਟੀਆਂ 'ਚ ਘੱਟ ਪ੍ਰੈਸ਼ਰ ਕਾਰਨ ਲੋਕਾਂ ਨੂੰ ਪੂਰੀ ਮਾਤਰਾ 'ਚ ਪਾਣੀ ਵੀ ਨਸੀਬ ਨਹੀਂ ਹੁੰਦਾ ਅਤੇ ਪਿੰਡ ਦੇ ਕਈ ਘਰਾਂ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚਦੀ।
ਆਂਗਣਵਾੜੀ ਕੇਂਦਰ ਵੀ ਹੈ 'ਅਪਾਹਜ': ਪਿਛਲੇ ਲੰਮੇ ਸਮੇਂ ਤੋਂ ਪਿੰਡ 'ਚ ਆਂਗਣਵਾੜੀ ਕੇਂਦਰ ਦੀ ਇਮਾਰਤ 'ਅਪਾਹਜ' ਦੀ ਤਰ੍ਹਾਂ ਖੜ੍ਹੀ ਹੈ। ਲੱਖਾਂ ਰੁਪਏ ਲਾ ਕੇ ਇਸ ਕੇਂਦਰ ਦੀ ਇਮਾਰਤ ਬਣਾਈ ਗਈ ਹੈ ਪਰ ਇਹ ਆਪਣੇ ਮਕਸਦ ਦੀ ਪੂਰਤੀ ਲਈ ਕੰਮ ਨਹੀਂ ਆ ਰਹੀ। ਇਸ ਦੇ ਕਮਰਿਆਂ ਅਤੇ ਵਰਾਂਡੇ 'ਚ ਫਰਸ਼ ਤੱਕ ਨਹੀਂ ਪਾਇਆ ਗਿਆ ਹੈ। 
ਜੰਞਘਰ ਆਦਿ ਦੀ ਵੀ ਨਹੀਂ ਹੈ ਵਿਵਸਥਾ : ਪਿੰਡ 'ਚ ਕੋਈ ਅਜਿਹੀ ਇਮਾਰਤ ਨਹੀਂ ਹੈ, ਜਿੱਥੇ ਲੋਕ ਸੁਖ-ਦੁੱਖ ਦੀ ਘੜੀ 'ਚ ਜ਼ਰੂਰੀ ਕੰਮਾਂ ਲਈ ਸਮਾਗਮ ਕਰਵਾ ਸਕਣ। ਇਸ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵਿਆਹ ਜਾਂ ਹੋਰ ਸਮਾਗਮ ਲਈ ਆਪਣੀ ਨਜ਼ਦੀਕੀ ਖੁੱਲ੍ਹੀ ਥਾਂ 'ਚ ਹੀ ਪ੍ਰਬੰਧ ਕਰਨਾ ਪੈਂਦਾ ਹੈ। ਵਿਆਹ ਜਾਂ ਹੋਰ ਖੁਸ਼ੀ ਦੇ ਮੌਕੇ 'ਤੇ ਤਾਂ ਲੋਕ ਮੈਰਿਜ ਪੈਲੇਸ ਆਦਿ ਦਾ ਪ੍ਰਬੰਧ ਵੀ ਕਰ ਲੈਂਦੇ ਹਨ ਪਰ ਰਸਮ ਕਿਰਿਆ ਆਦਿ ਲਈ ਕਰਵਾਏ ਜਾਣ ਵਾਲੇ ਸਮਾਗਮਾਂ ਵਾਸਤੇ ਉਨ੍ਹਾਂ ਨੂੰ ਇਧਰ-ਉਧਰ ਭਟਕਣਾ ਪੈਂਦਾ ਹੈ। 
ਸ਼ਮਸ਼ਾਨਘਾਟ ਵੀ ਹੈ ਅਧੂਰਾ : ਪਿੰਡ ਦੀ ਸ਼ਿਵ ਭੂਮੀ ਭਾਵ ਸ਼ਮਸ਼ਾਨਘਾਟ 'ਚ ਵੀ ਸਹੂਲਤਾਂ ਨਹੀਂ ਹਨ। ਇਥੇ ਚਾਰਦੀਵਾਰੀ ਤੱਕ ਨਹੀਂ ਕੀਤੀ ਗਈ ਹੈ। ਸ਼ਮਸ਼ਾਨਘਾਟ ਵਿਖੇ ਕਮਰੇ ਦੇ ਨਿਰਮਾਣ ਦੀ ਲੋੜ ਹੈ। ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਵੀ ਨਾ ਹੋਣ ਕਾਰਨ ਇਥੇ ਬਦਕਿਸਮਤੀ ਨਾਲ ਆਉਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਅਧੂਰਾ ਹੈ ਪੰਚਾਇਤ ਘਰ : ਪੰਚਾਇਤ ਘਰ ਪਿੰਡ ਦਾ ਸਕੱਤਰੇਤ ਕਿਹਾ ਜਾਂਦਾ ਹੈ, ਇਹ ਨਿਆਂ ਦਾ ਭਵਨ ਹੁੰਦਾ ਹੈ। ਇਥੇ ਨਾ ਸਿਰਫ ਪੰਚਾਇਤ ਮੈਂਬਰ ਹੀ ਆਪਣਾ ਕੰਮਕਾਜ ਕਰਦੇ ਹਨ, ਸਗੋਂ ਪਿੰਡ ਦੇ ਲੋਕ ਵੀ ਕਿਸੇ ਨਾ ਕਿਸੇ ਵਿਵਾਦ ਦੇ ਹੱਲ ਲਈ ਫਰਿਆਦ ਲੈ ਕੇ ਆਉਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਸ ਪੰਚਾਇਤ ਭਵਨ 'ਚ ਵੀ ਸਹੂਲਤਾਂ ਭਰਪੂਰ ਮਾਹੌਲ ਨਹੀਂ ਬਣ ਸਕਿਆ। ਇਹ ਪੰਚਾਇਤ ਘਰ ਬਿਨਾਂ ਰੰਗ-ਰੋਗਨ ਤੋਂ ਬਦਰੰਗ ਨਜ਼ਰ ਆਉਂਦਾ ਹੈ।


Related News