ਬਸੰਤ ਪੰਚਮੀ : ਪ੍ਰਧਾਨ ਮੰਤਰੀ ਫੋਟੋ ਵਾਲੀਆਂ ਪਤੰਗਾਂ ਲੋਕਪ੍ਰਿਯ
Monday, Jan 22, 2018 - 07:53 AM (IST)

ਸੁਲਤਾਨਪੁਰ ਲੋਧੀ, (ਧੀਰ)- ਬੇਸ਼ੱਕ ਆਧੁਨਿਕ ਯੁੱਗ 'ਚ ਮਨੋਰੰਜਨ ਦੇ ਪੁਰਾਤਨ ਸਾਧਨ ਹੌਲੀ-ਹੌਲੀ ਲੁਪਤ ਹੁੰਦੇ ਜਾ ਰਹੇ ਹਨ ਤੇ ਲੋਕਾਂ ਦਾ ਇਨ੍ਹਾਂ ਵੱਲ ਰੁਝਾਨ ਘੱਟਦਾ ਜਾ ਰਿਹਾ ਹੈ ਪਰ ਅਜੇ ਵੀ ਮਨੋਰੰਜਨ ਦੇ ਕੁਝ ਪੁਰਾਤਨ ਸਾਧਨ ਅਜਿਹੇ ਹਨ, ਜਿਨ੍ਹਾਂ ਪ੍ਰਤੀ ਲੋਕਾਂ 'ਚ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇਕ ਸਾਧਨ ਹੈ ਪਤੰਗਬਾਜ਼ੀ।
ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਪਤੰਗਬਾਜ਼ੀ ਦੇ ਨਜ਼ਾਰੇ ਆਮ ਵੇਖਣ ਨੂੰ ਮਿਲਦੇ ਹਨ। ਜੇਕਰ ਦੇਸ਼ ਦੀ ਹੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਇਲਾਕਿਆਂ 'ਚ ਲੋਕ ਵੱਖ-ਵੱਖ ਸਮੇਂ 'ਤੇ ਪਤੰਗਬਾਜ਼ੀ ਦਾ ਰੱਜ ਕੇ ਮਜ਼ਾ ਲੈਂਦੇ ਹਨ, ਜਿਥੇ ਕਈ ਥਾਵਾਂ 'ਤੇ 26 ਜਨਵਰੀ ਤੇ 15 ਅਗਸਤ ਨੂੰ ਪਤੰਗਬਾਜ਼ੀ ਕੀਤੀ ਜਾਂਦੀ ਹੈ, ਉਥੇ ਕਈ ਲੋਕ ਲੋਹੜੀ ਦੇ ਤਿਉਹਾਰ ਨੂੰ ਵੀ ਪਤੰਗਬਾਜ਼ੀ ਕਰ ਕੇ ਖੂਬ ਮਜ਼ਾ ਲੈਂਦੇ ਹਨ। ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਨੌਜਵਾਨਾਂ 'ਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਛੋਟੇ-ਛੋਟੇ ਬੱਚੇ ਵੀ ਕਿਸੇ ਤੋਂ ਪਿੱਛੇ ਨਹੀਂ ਹਨ, ਉਹ ਵੀ ਪਤੰਗ ਦੀ ਖਰੀਦਦਾਰੀ ਖੂਬ ਕਰ ਰਹੇ ਹਨ। ਕਈ ਬੱਚਿਆਂ ਨੇ ਤਾਂ ਪਹਿਲਾਂ ਤੋਂ ਹੀ ਕਮਰ ਕੱਸੀ ਹੋਈ ਹੈ। ਪਤੰਗਾਂ ਦੀਆਂ ਦੁਕਾਨਾਂ 'ਤੇ ਬੱਚਿਆਂ ਤੇ ਨੌਜਵਾਨਾਂ ਦੀ ਭੀੜ ਆਮ ਵੇਖਣ ਨੂੰ ਮਿਲ ਰਹੀ ਹੈ।
ਸਮੇਂ ਦੇ ਨਾਲ-ਨਾਲ ਬਦਲੇ ਹਾਲਾਤ
ਕੋਈ ਸਮਾਂ ਸੀ ਜਦੋਂ ਨੌਜਵਾਨ ਕਈ-ਕਈ ਦਿਨ ਪਹਿਲਾਂ ਹੀ ਪਤੰਗ ਉਡਾਉਣ ਲਈ ਡੋਰ ਨੂੰ ਮਾਂਝਾ ਲਵਾ ਕੇ ਤਿਆਰੀਆਂ ਕਰਨ ਲੱਗ ਪੈਂਦੇ ਸੀ ਪਰ ਹੁਣ ਇਸ ਦੀ ਜਗ੍ਹਾ ਬਾਜ਼ਾਰੀ ਡੋਰ ਨੇ ਲੈ ਲਈ ਹੈ। ਦੁਕਾਨਦਾਰ ਮੁਤਾਬਕ ਪਤੰਗਬਾਜ਼ੀ ਦੀ ਖਾਸ ਗੱਲ ਇਹ ਹੈ ਕਿ ਆਧੁਨਿਕਤਾ ਤੇ ਮਹਿੰਗਾਈ ਦੀ ਦੌੜ 'ਚ ਇਹ ਹੋਰ ਸਾਧਨਾਂ ਨਾਲੋਂ ਅਜੇ ਵੀ ਸਸਤੀ ਹੈ। ਅੱਜ ਵੀ ਬਾਜ਼ਾਰ 'ਚ 5 ਰੁਪਏ ਤੋਂ ਲੈ ਕੇ 100 ਰੁਪਏ ਤਕ ਦੇ ਪਤੰਗ ਤੇ 50 ਰੁਪਏ ਤੋਂ ਲੈ ਕੇ 1 ਹਜ਼ਾਰ ਰੁਪਏ ਦੀ ਡੋਰ ਉਪਲਬਧ ਹੈ।
ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਾਂ ਵਾਲੇ ਪਤੰਗ
ਮਾਰਕੀਟ 'ਚ-ਬਾਜ਼ਾਰ 'ਚ ਵੱਖ-ਵੱਖ ਤਰ੍ਹਾਂ ਦੇ ਡਿਜਾਈਨੀ ਫਿਲਮੀ ਹੀਰੋ ਹੀਰੋਇਨਾਂ, ਪ੍ਰਧਾਨ ਮੰਤਰੀ ਫੋਟੋ ਵਾਲੀਆਂ, ਕਾਰਟੂਨਾਂ ਦੀਆਂ ਪਤੰਗਾਂ ਉਪਲਬਧ ਹਨ, ਜਿਨ੍ਹਾਂ ਨੂੰ ਨੌਜਵਾਨ ਤੇ ਬੱਚੇ ਬਹੁਤ ਪਸੰਦ ਕਰ ਰਹੇ ਹਨ। ਡੋਰਾਂ 'ਚ ਪਾਡਾ ਤੇ ਆਰ. ਕੇ. ਦੀ ਡਿਮਾਂਡ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਰੇਲੀ (ਯੂ. ਪੀ) ਦੀ ਬਾਗ ਡੋਰ ਵੀ ਦੁਕਾਨਦਾਰ ਤੋਂ ਖਰੀਦ ਦੀ ਮੰਗ ਕੀਤੀ ਜਾਂਦੀ ਹੈ।
ਪਛਾਣ ਵਾਲੇ ਨੂੰ ਹੀ ਦਿੱਤੀ ਜਾ ਰਹੀ ਹੈ ਚਾਈਨਾ ਡੋਰ
ਪ੍ਰਸ਼ਾਸਨ ਵੱਲੋਂ ਸਖ਼ਤੀ ਕਰਨ ਦੇ ਬਾਵਜੂਦ ਹਾਲੇ ਵੀ ਚੋਰੀ ਛਿਪੇ ਬਾਜ਼ਾਰ 'ਚ ਚਾਈਨਾ ਡੋਰ ਵਿਕ ਰਹੀ ਹੈ। ਦੁਕਾਨਦਾਰ ਸਿਰਫ ਚਾਈਨਾ ਡੋਰ ਉਸ ਨੂੰ ਹੀ ਦਿੰਦੇ ਹਨ, ਜੋ ਬਹੁਤ ਖਾਸ ਤੇ ਵਾਕਿਫ ਹੋਵੇ ਅਨਜਾਣ ਵਿਅਕਤੀ ਜਾਂ ਛੋਟੇ ਬੱਚੇ ਨੂੰ ਦੁਕਾਨਦਾਰ ਚਾਈਨਾ ਡੋਰ ਦਾ ਰਿਸਕ ਨਹੀਂ ਲੈਂਦੇ। ਮਾਂ ਬਾਪ ਦੇ ਮਨ੍ਹਾ ਕਰਨ ਦੇ ਬਾਵਜੂਦ ਕਈ ਬੱਚੇ ਆਪਣੇ ਮਾਪਿਆਂ ਕੋਲ ਚਾਈਨਾ ਡੋਰ ਦੀ ਡਿਮਾਂਡ ਕਰਦੇ ਹਨ।