ਸਿੱਖਾਂ ਦੀ ਕਾਤਲ ਹੈ ਕਾਂਗਰਸ ਪਾਰਟੀ : ਸਮ੍ਰਿਤੀ ਇਰਾਨੀ

Thursday, May 16, 2019 - 12:36 PM (IST)

ਸਿੱਖਾਂ ਦੀ ਕਾਤਲ ਹੈ ਕਾਂਗਰਸ ਪਾਰਟੀ : ਸਮ੍ਰਿਤੀ ਇਰਾਨੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਭਾਜਪਾ ਦੇਸ਼ ਨੂੰ ਜੋੜਨ ਦੀ ਗੱਲ ਕਰਦੀ ਹੈ ਜਦਕਿ ਕਾਂਗਰਸ ਦੇਸ਼ ਨੂੰ ਤੋੜਨ ਦੀ। ਇਹ ਸ਼ਬਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਇਕ ਸੂਤਰ 'ਚ ਪਿਰੋਇਆ ਹੈ ਜਦਕਿ ਕਾਂਗਰਸ ਦੇ ਲੋਕ ਭਾਰਤ ਦੇ ਟੁਕੜੇ-ਟੁਕੜੇ ਕਰਨ ਲਈ ਲੱਗੇ ਹੋਏ ਹਨ। ਕਾਂਗਰਸ ਪ੍ਰਧਾਨ ਨੂੰ ਤਾਂ ਆਪਣੀ ਸੀਟ ਬਚਾਉਣੀ ਵੀ ਔਖੀ ਹੋ ਗਈ ਹੈ। ਉਹ ਮੈਦਾਨ ਛੱਡ ਕੇ ਦੂਜੀ ਜਗ੍ਹਾ 'ਤੇ ਚੋਣ ਲੜਨ ਚਲੇ ਗਏ। ਅਮੇਠੀ 'ਚ ਉਨ੍ਹਾਂ ਦੀ ਹਾਰ ਪੱਕੀ ਹੈ, ਜਿਸ ਕਾਂਗਰਸ ਪ੍ਰਧਾਨ ਨੂੰ ਆਪਣੀ ਸੀਟ ਬਚਾਉਣ ਦੀ ਪਈ ਹੈ, ਉਹ ਕਾਂਗਰਸ ਨੂੰ ਕਿਵੇਂ ਜਿੱਤਾ ਸਕਣਗੇ।

PunjabKesari

ਸਮ੍ਰਿਤੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਦੇਸ਼ ਭਰ 'ਚ ਬਦਨਾਮ ਕੀਤਾ ਹੈ ਕਿ ਪੰਜਾਬ 'ਚ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ ਪਰ ਉਨ੍ਹਾਂ ਆਪਣੇ ਰਾਜ ਦੇ ਢਾਈ ਸਾਲਾਂ 'ਚ ਕੀ ਕੀਤਾ ਜਦਕਿ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਦਲਿਤ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰ ਦਿੱਤੀ ਹੈ ਅਤੇ ਪੰਜਾਬ 'ਚ 800 ਸਕੂਲ ਬੰਦ ਹੋ ਗਏ। ਗੁਰਬਾਣੀ ਦਾ ਲਾਈਵ ਟੈਲੀਕਾਸਟ ਇਨ੍ਹਾਂ ਨੇ ਬੰਦ ਕਰ ਦਿੱਤਾ। ਆਯੁਸ਼ਮਾਨ ਯੋਜਨਾ ਨੂੰ ਪੰਜਾਬ 'ਚ ਲਾਗੂ ਨਹੀਂ ਕੀਤਾ। ਇਸ ਯੋਜਨਾ ਤਹਿਤ ਪੰਜ ਲੱਖ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਹੈ ਪਰ ਪੰਜਾਬ 'ਚ ਇਸ ਯੋਜਨਾ ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ। ਜਦੋਂ ਇਹ ਲੋਕ ਖੁਦ ਬੀਮਾਰ ਹੁੰਦੇ ਹਨ ਤਾਂ ਆਪਣਾ ਇਲਾਜ ਕਰਵਾਉਣ ਲਈ ਵਿਦੇਸ਼ਾਂ ਵੱਲ ਭੱਜਦੇ ਹਨ ਪਰ ਗਰੀਬ ਲੋਕਾਂ ਨੂੰ ਇਸ ਦੇਸ਼ 'ਚ ਵੀ ਇਲਾਜ ਕਰਵਾਉਣ ਨਹੀ ਦਿੰਦੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਲਿਆਂਵਾਲਾ ਬਾਗ ਦਾ ਦੁਖਾਂਤ ਇਸ ਧਰਤੀ ਨੇ ਝੱਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਸਿੱਖਾਂ ਦੀ ਕਾਤਲ ਪਾਰਟੀ ਹੈ। 1984 'ਚ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ। 1984 ਕਤਲੇਆਮ ਦੇ ਦੋਸ਼ੀਆਂ ਨੂੰ ਕਾਂਗਰਸ ਬਚਾਉਣ 'ਚ ਲੱਗੀ ਰਹੀ ਪਰ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਈ, ਜਿਸ 'ਚ ਕਾਂਗਰਸ ਪਾਰਟੀ ਦੇ ਆਗੂ ਸੱਜਣ ਕੁਮਾਰ ਮੁੱਖ ਹਨ। ਕਾਂਗਰਸ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਸੌਂ ਗਈ ਸੀ ਪਰ ਜਦੋਂ ਪੁਲਵਾਮਾ 'ਚ ਹਮਲਾ ਹੋਇਆ ਤਾਂ ਨਰਿੰਦਰ ਮੋਦੀ ਨੇ ਦੁਸ਼ਮਣ ਦੇਸ਼ 'ਚ ਵੜ ਕੇ ਅੱਤਵਾਦੀਆਂ ਨੂੰ ਮਾਰਿਆ। ਅਸੀਂ ਸ਼ਹੀਦਾਂ ਨੂੰ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਅਜਿਹੀ ਮਜ਼ਬੂਤ ਸਰਕਾਰ ਬਣਾ ਸਕਦੇ ਹਾਂ ਕਿ ਸਾਡੇ ਸੈਨਿਕਾਂ ਦੀ ਸ਼ਹਾਦਤ ਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਮਹਾ ਮਿਲਾਵਟੀ ਲੋਕ ਹਨ। ਪੰਜਾਬ ਦੀ ਜਨਤਾ ਨੂੰ ਕਾਂਗਰਸ ਪਾਰਟੀ ਨੇ ਤਸੀਹੇ ਦਿੱਤੇ। ਇਨ੍ਹਾਂ ਚੋਣਾਂ 'ਚ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਸਬਕ ਸਿਖਾਵੇਗੀ।

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ, ਜਗਮੀਤ ਬਰਾੜ, ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ।


author

cherry

Content Editor

Related News