ਬਰਨਾਲਾ 'ਚ ਪੁਲਸ ਹੱਥ ਲੱਗੀ ਵੱਡੀ ਸਫਲਤਾ, 10 ਕੁਇੰਟਲ ਭੁੱਕੀ ਸਮੇਤ ਪੰਜ ਵਿਅਕਤੀ ਕਾਬੂ
Friday, Jul 28, 2017 - 04:37 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਬਰਨਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਸ ਨੇ ਪੰਜ ਵਿਅਕਤੀਆਂ ਨੂੰ 10 ਕੁਇੰਟਲ 80 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਸੀ ਆਈ ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿਚ ਗਿਰਫ਼ਤਾਰ ਕੀਤਾ। ਪ੍ਰੈਸ ਕਾਨਫਰੰਸ ਕਰਦਿਆਂ ਜਿਲਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਸੀ.ਆਈ.ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਪਿੰਡ ਖੁੱਡੀ ਕਲਾਂ ਵਿਖੇ ਨਾਕਾ ਲਗਾਇਆ ਹੋਇਆ ਸੀ ਇਸ ਦੌਰਾਨ ਕਿਸੇ ਵਿਅਕਤੀ ਨੇ ਖੂਫੀਆ ਸੂਚਨਾ ਦਿੱਤੀ ਕਿ ਦਾਣਾ ਮੰਡੀ ਵਿਚ ਇਕ ਟਰੱਕ ਖੜ੍ਹਾ ਹੈ ਉਸ ਵਿਚ ਪੰਜ ਵਿਅਕਤੀ ਭੁੱਕੀ ਦੀਆਂ ਬੋਰੀਆਂ ਨੂੰ ਉਲਟਾ ਪਲਟਾ ਰਹੇ ਹਨ। ਪੁਲਸ ਨੇ ਰੇਡ ਕਰਕੇ ਗੁਰਬਿੰਦਰ ਸਿੰਘ ਉਰਫ ਕਾਕਾ ਪੁੱਤਰ ਅੰਗਰੇਜ ਸਿੰਘ ਵਾਸੀ ਜੰਮੂ ਪੱਤੀ ਕਲਾਰ, ਥਾਣਾ ਮੁੱਲਾਪੁਰ ਦਾਖਾ, ਬਲਪ੍ਰੀਤ ਸਿੰਘ ਉਰਫ ਬੱਲੀ ਪੁੱਤਰ ਜਰਨੈਲ ਸਿੰਘ ਵਾਸੀ ਬਾਲੋ ਪੱਤੀ ਕੁਲਾਰ, ਥਾਣਾ ਮੁੱਲਾਪੁਰ ਦਾਖਾ, ਗੁਰਜੋਬਨ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਲੱਲਾ ਪੱਤੀ ਕਾਂਝਲਾ, ਗੁਰਚਰਨ ਸਿੰਘ ਉਰਫ ਚਰਨੀ ਪੁੱਤਰ ਬਿੱਕਰ ਸਿੰਘ ਵਾਸੀ ਲਾਡਾ ਪੱਤੀ ਬਾਲੀਆਂ, ਕੁਲਦੀਪ ਸਿੰਘ ਉਰਫ ਬਬਲੀ ਪੁੱਤਰ ਬਲਵੰਤ ਸਿੰਘ ਵਾਸੀ ਨੇੜੇ ਦਰਬਾਜਾ ਘਨੋਰੀ ਖੁਰਦ ਨੂੰ ਗਿਰਫਤਾਰ ਕੀਤਾ। ਇਹ ਭੁੱਕੀ 320 ਛੋਟੇ ਛੋਟੇ ਗੱਟਿਆਂ ਵਿਚ ਲੁਕੋ ਕੇ ਰੱਖੀ ਹੋਈ ਸੀ। ਇਹਨਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀਆ ਨੇ ਮੰਨਿਆ ਕਿ ਇਹ ਭੁੱਕੀ ਮੰਗਲਵਾਰ ਨੂੰ ਰਾਜਸਥਾਨ ਤੋਂ ਲੈ ਕੇ ਆਏ ਸੀ। ਪੁੱਛ ਗਿੱਛ ਦੌਰਾਨ ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪ੍ਰੈਸ ਕਾਨਫਰੈਂਸ ਮੌਕੇ ਤੇ ਐਸ ਪੀ ਡੀ ਸਵਰਨ ਸਿੰਘ ਖੰਨਾ, ਡੀ ਐਸ ਪੀ ਡੀ ਕੁਲਦੀਪ ਸਿੰਘ ਵਿਰਕ ਅਤੇ ਸੀ.ਆਈ.ਏ ਇੰਚਾਰਜ਼ ਬਲਜੀਤ ਸਿੰਘ ਵੀ ਹਾਜ਼ਰ ਸਨ।
