ਬਰਨਾਲਾ-ਮੋਗਾ ਹਾਈਵੇ ਕੀਤਾ ਜਾਮ

Monday, Jun 19, 2017 - 12:26 AM (IST)

ਬਰਨਾਲਾ-ਮੋਗਾ ਹਾਈਵੇ ਕੀਤਾ ਜਾਮ

ਸ਼ਹਿਣਾ/ਭਦੌੜ,   (ਸਿੰਗਲਾ)— ਪਿੰਡ ਵਿਧਾਤੇ ਵਿਖੇ ਪਿਛਲੇ ਮਹੀਨੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਤੋਂ ਖ਼ਫਾ ਪਿੰਡ ਵਾਸੀਆਂ ਨੇ ਐਤਵਾਰ ਨੂੰ ਪਿੰਡ ਟੱਲੇਵਾਲ ਵਿਖੇ ਬਰਨਾਲਾ-ਮੋਗਾ ਰੋਡ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਕੀ ਹੈ ਮਾਮਲਾ :  ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਵਿਧਾਤਾ ਨੇ ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਦਾ ਪਿੰਡ ਦੇ ਮਨਜੀਤ ਸਿੰਘ ਪੁੱਤਰ ਜਗਦੇਵ ਸਿੰਘ ਨਾਲ ਝਗੜਾ ਹੋਇਆ ਸੀ ਅਤੇ ਮਨਜੀਤ ਸਿੰਘ ਵੱਲੋਂ ਉਸ ਸਣੇ ਉਸ ਦੇ ਭਰਾ ਸੁਖਚੈਨ ਸਿੰਘ, ਭਤੀਜੇ ਹਰਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਪਿੰਡ ਵਾਸੀਆਂ ਨੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਉਣਾ ਚਾਹਿਆ ਪਰ ਉਕਤ ਵਿਰੋਧੀ ਧਿਰ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਮੰਗ ਕਰਦੀ ਸੀ ਅਤੇ ਉਹ ਰਾਜ਼ੀਨਾਮੇ ਲਈ ਇੰਨੀ ਰਾਸ਼ੀ ਨਹੀਂ ਦੇ ਸਕਦੇ ਸਨ। ਉਕਤ ਧਿਰ ਪਿੰਡ 'ਚ ਲੰਘਦੇ ਉਸ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈ, ਜਿਸ ਕਾਰਨ ਮਾਨਸਿਕ ਦਬਾਅ ਹੇਠ ਆ ਕੇ ਉਸ ਦੇ ਭਰਾ ਨੇ 26 ਮਈ ਨੂੰ ਫਾਹਾ ਲੈ ਲਿਆ। ਉਸ ਦੀ ਜੇਬ 'ਚੋਂ ਮਿਲੇ ਖੁਦਕੁਸ਼ੀ ਨੋਟ 'ਚ ਉਸ ਨੇ ਆਪਣੀ ਮੌਤ ਲਈ ਮਨਜੀਤ ਸਿੰਘ ਅਤੇ ਉਸ ਦੇ ਲੜਕੇ ਹਰਮੰਦਰਦੀਪ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ। ਪੁਲਸ ਨੇ ਗੁਰਮੀਤ ਸਿੰਘ ਦੇ ਬਿਆਨਾਂ 'ਤੇ ਉਕਤ ਦੋਵੇਂ ਮੁਲਜ਼ਮਾਂ ਉਪਰ ਥਾਣਾ ਟੱਲੇਵਾਲ ਵਿਖੇ ਮਾਮਲਾ ਦਰਜ ਕਰ ਲਿਆ ਪਰ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ।
ਇਸ ਕਾਰਨ ਪਿੰਡ ਵਾਸੀਆਂ ਨੇ ਰੋਸ ਵਜੋਂ ਅੱਜ 4 ਘੰਟਿਆਂ ਤੱਕ ਟੱਲੇਵਾਲ ਨਹਿਰ ਦੇ ਪੁਲ 'ਤੇ ਧਰਨਾ ਲਾ ਕੇ ਬਰਨਾਲਾ-ਮੋਗਾ ਮਾਰਗ ਪੂਰੀ ਤਰ੍ਹਾਂ ਬੰਦ ਕਰੀ ਰੱਖਿਆ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਦੌਰਾਨ ਜਗਸੀਰ ਸਿੰਘ ਸ਼ੀਰਾ, ਦਰਸ਼ਨ ਸਿੰਘ ਪੰਚ, ਦੇਵ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ, ਰਾਜ ਸਿੰਘ, ਗੁੱਗ ਸਿੰਘ, ਜਸਪਾਲ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਨਸੀਬੋ ਕੌਰ, ਮਨਦੀਪ ਕੌਰ ਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।
ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ :  ਧਰਨੇ ਦੇ ਕੁਝ ਘੰਟਿਆਂ ਬਾਅਦ ਡੀ. ਐੱਸ. ਪੀ. ਮਹਿਲ ਕਲਾਂ ਜਸਵੀਰ ਸਿੰਘ ਪੁੱਜੇ ਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਲੋੜੀਂਦੇ ਵਿਅਕਤੀਆਂ ਦੀ ਜਲਦ ਗ੍ਰਿਫਤਾਰੀ ਦੀ ਗੱਲ ਦਾ ਭਰੋਸਾ ਦਿਵਾਇਆ, ਜਿਸ 'ਤੇ ਧਰਨਾਕਾਰੀਆਂ ਨੇ ਧਰਨਾ ਚੁੱਕਣ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਜਲਦੀ ਦੋਵੇਂ ਵਿਅਕਤੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਉਹ ਮੁੜ ਵੱਡੇ ਪੱਧਰ 'ਤੇ ਧਰਨਾ ਲਾਉਣ ਲਈ ਮਜਬੂਰ ਹੋਣਗੇ, ਜੋ ਅਣਮਿੱਥੇ ਸਮੇਂ ਲਈ ਹੋਵੇਗਾ। ਥਾਣਾ ਟੱਲੇਵਾਲ ਦੇ ਮੁਖੀ ਨਾਇਬ ਸਿੰਘ, ਮਹਿਲ ਕਲਾਂ ਥਾਣੇ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਅਤੇ ਠੁੱਲੀਵਾਲ ਤੋਂ ਐੱਸ. ਐੱਚ. ਓ. ਸ਼ਸ਼ੀ ਕਪੂਰ ਵੀ ਮੌਕੇ 'ਤੇ ਪੁੱਜੇ। 


Related News