ਜ਼ਿਮਨੀ ਚੋਣ 2024: ਬਰਨਾਲਾ 'ਚ 5 ਵਜੇ ਤੱਕ ਹੋਈ 52.7 ਫੀਸਦੀ ਵੋਟਿੰਗ
Wednesday, Nov 20, 2024 - 06:04 PM (IST)
ਬਰਨਾਲਾ (ਵੈੱਬ ਡੈਸਕ/ਵਿਵੇਕ): ਵਿਧਾਨ ਸਭਾ ਹਲਕਾ ਬਰਨਾਲਾ 'ਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ ਹੈ। ਬਰਨਾਲਾ ਵਿਚ 5 ਵਜੇ ਤਕ 52.7 ਫੀਸਦੀ ਵੋਟਿੰਗ ਹੋਈ ਹੈ। ਦੁਪਹਿਰ 3 ਵਜੇ ਤਕ 40 ਫ਼ੀਸਦੀ ਵੋਟਿੰਗ ਹੋਈ ਹੈ। ਦੁਪਹਿਰ 1 ਵਜੇ ਤਕ 28.1 ਫ਼ੀਸਦੀ ਤੇ ਸਵੇਰੇ 11 ਵਜੇ ਤਕ ਬਰਨਾਲਾ ਵਿਚ 16.1 ਫ਼ੀਸਦੀ ਵੋਟਿੰਗ ਹੋਈ ਸੀ। ਸਵੇਰੇ 9 ਵਜੇ ਤਕ ਬਰਨਾਲਾ 'ਦੇ 6.9 ਫ਼ੀਸਦੀ ਵੋਟਰਾਂ ਨੇ ਹੀ ਆਪਣੇ ਜ਼ਮੂਹਰੀ ਹੱਕ ਦੀ ਵਰਤੋਂ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ
ਕੁਝ ਦੇਰ ਪਹਿਲਾਂ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ। ਗੁਰਮੀਤ ਸਿੰਘ ਮੀਤ ਹੇਅਰ ਹੀ 2022 ਵਿਚ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਸਨ ਤੇ ਪੰਜਾਬ ਸਰਕਾਰ ਵਿਚ ਮੰਤਰੀ ਵੀ ਬਣੇ ਸਨ। 2024 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਸੰਗਰੂਰ ਤੋਂ ਚੋਣ ਲੜੇ ਤੇ ਜਿੱਤ ਦਰਜ ਕਰ ਕੇ ਸੰਸਦ ਮੈਂਬਰ ਬਣ ਗਏ। ਇਸ ਕਾਰਨ ਉਨ੍ਹਾਂ ਵੱਲੋਂ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਕਾਰਨ ਅੱਜ ਇਸ ਸੀਟ 'ਤੇ ਜ਼ਿਮਨੀ ਚੋਣ ਹੋ ਰਹੀ ਹੈ। ਉੱਥੇ ਹੀ ਅੱਜ ਸਵੇਰੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਨੇ PWD ਦਫ਼ਤਰ ਬਰਨਾਲਾ ਵਿਖੇ ਸਭ ਤੋਂ ਪਹਿਲਾਂ ਵੋਟ ਪਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ Good News! CM ਮਾਨ ਨੇ ਕਰ 'ਤਾ ਵੱਡਾ ਐਲਾਨ
ਦੱਸ ਦਈਏ ਕਿ ਬਰਨਾਲਾ ’ਚ ਕੁੱਲ 1,80,088 ਵੋਟਰ ਹਨ, ਜਿਨ੍ਹਾਂ ’ਚੋਂ 94,957 ਪੁਰਸ਼, 85,127 ਮਹਿਲਾ ਵੋਟਰ ਤੇ 4 ਹੋਰ ਵੋਟਰ ਹਨ। ਇਸ ਤੋਂ ਇਲਾਵਾ 636 ਸਰਵਿਸ (621 ਪੁਰਸ਼, 15 ਮਹਿਲਾ) ਵੋਟਰ ਹਨ। ਉਨ੍ਹਾਂ ਦੱਸਿਆ ਕਿ 212 ਪੋਲਿੰਗ ਬੂਥ ’ਤੇ 84 ਪੋਲਿੰਗ ਬੂਥ ਲੋਕੇਸ਼ਨਾਂ ਹਨ। ਵੋਟਾਂ ਲਈ 1064 ਦੇ ਕਰੀਬ ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਹੈ। ਹਲਕੇ ’ਚ 11 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ ਬਰਨਾਲਾ ’ਚ PWD ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਨ ’ਚ ਪਿੰਕ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਬੀ ਫਾਰਮੇਸੀ ਕਾਲਜ (SD ਕਾਲਜ ਬਰਨਾਲਾ) ’ਚ ਯੂਥ ਮੈਨੇਜਡ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਬਰਨਾਲਾ ’ਚ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਪੋਲਿੰਗ ਸਟੇਸ਼ਨਾਂ ’ਤੇ ਚੋਣ ਪ੍ਰਕਿਰਿਆ ’ਚ ਮਦਦ ਅਤੇ ਵੋਟਰਾਂ ਦੀ ਸਹੂਲਤ ਲਈ 1000 ਤੋਂ ਵੱਧ ਵਿਦਿਆਰਥੀ ਵਲੰਟੀਅਰਾਂ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ, ਜਿਸ ਬਾਬਤ ਐੱਸ. ਡੀ. ਕਾਲਜ ਬਰਨਾਲਾ ’ਚ ਗਿਣਤੀ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
ਬਰਨਾਲਾ ਵਿਧਾਨ ਸਭਾ ਸੀਟ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੀ ਹੈ ਅਤੇ 'ਆਪ' ਇਸ ਨੂੰ ਆਪਣੀ ਸਿਆਸੀ ਰਾਜਧਾਨੀ ਮੰਨਦੀ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਇਸ ਖੇਤਰ ਦੇ ਰਹਿਣ ਵਾਲੇ ਹਨ। 'ਆਪ' ਨੇ ਇੱਥੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਮੈਦਾਨ 'ਚ ਉਤਾਰਿਆ ਹੈ। ਕੇਵਲ ਸਿੰਘ ਢਿੱਲੋਂ ਜੂਨ 2022 ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਵੀ ਲੜੀ ਸੀ। ਹੁਣ ਉਹ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ। ਕਾਂਗਰਸ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ 'ਤੇ ਦਾਅ ਲਗਾਇਆ ਹੈ, ਜੋ ਪਹਿਲਾਂ ਕਾਂਗਰਸ 'ਚ ਛੱਡ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ ਤੇ ਫ਼ਿਰ 'ਆਪ' ਵਿਚ ਸ਼ਾਮਲ ਹੋ ਗਏ ਸਨ ਤੇ ਫ਼ਿਰ ਕਾਂਗਰਸ ਵਿਚ ਹੀ ਵਾਪਸ ਆਏ ਹਨ। ‘ਆਪ’ ਦੇ ਬਾਗੀ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਬਰਨਾਲਾ ਤੋਂ 'ਆਪ' ਦੇ ਜ਼ਿਲ੍ਹਾ ਪ੍ਰਧਾਨ ਸਨ, ਪਰ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ। ਇਸ ਮਗਰੋਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8