'ਆਪ' ਅਤੇ ਟਕਸਾਲੀਆਂ ਵਿਚਾਲੇ ਹੋਇਆ ਗਠਜੋੜ, ਭਗਵੰਤ ਮਾਨ ਨੇ ਕੀਤੀ ਪੁਸ਼ਟੀ
Saturday, Mar 02, 2019 - 04:35 PM (IST)
ਬਰਨਾਲਾ(ਪੁਨੀਤ)— ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਦੀ ਪੁਸ਼ਟੀ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਨੇਤਾਵਾਂ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਤੈਅ ਹੋਇਆ ਕਿ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਲੋਕ ਸਭਾ ਚੋਣ ਮਿਲ ਕੇ ਲੜਨਗੇ। ਉਥੇ ਹੀ ਉਨ੍ਹਾਂ ਨੇ ਆਪਣੇ ਪਹਿਲਾਂ ਦਿੱਤੇ ਹੋਏ ਬਿਆਨ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਲੋਕ ਸਭਾ ਚੋਣ ਆਪਣੇ ਦਮ 'ਤੇ ਲੜੇਗੀ ਤੋਂ ਪਲਟਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਾਝਾ ਅਤੇ ਦੋਆਬਾ ਵਿਚ ਕਮਜ਼ੋਰ ਹਾਲਤ ਵਿਚ ਹੈ ਜਿਸ ਕਾਰਨ ਉਨ੍ਹਾਂ ਦੀ ਪਾਰਟੀ ਨੇ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਕੀਤਾ ਹੈ। ਸੀਟਾਂ ਦੀ ਵੰਡ 'ਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੀਟਾਂ ਦੀ ਵੰਡ 'ਤੇ ਸਹਿਮਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਘੋਸ਼ਿਤ 4 ਲੋਕ ਸਭਾ ਸੀਟਾਂ 'ਤੇ ਕੋਈ ਬਦਲਾਅ ਨਹੀ ਹੋਵੇਗਾ।
ਇਸ ਦੌਰਾਨ ਬੇਅਦਬੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਅਫ਼ਸਰਾਂ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਗੋਲੀਕਾਂਡ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਤਤਕਾਲੀਨ ਗ੍ਰਹਿ ਮੰਤਰੀ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਉਥੇ ਹੀ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਦੇਸ਼ ਵਾਪਸੀ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਵਾਪਸੀ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਹੋਈ ਹੈ ਅਤੇ ਇਸ ਮਾਮਲੇ 'ਤੇ ਕਿਸੇ ਵੀ ਪਾਰਟੀ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਐਮ.ਪੀ. ਫੰਡ ਦੇ ਕਰੀਬ 27.75 ਕਰੋੜ ਰੁਪਏ ਵਿਚੋਂ ਸਾਰੇ ਫੰਡ ਖਰਚ ਕਰ ਚੁੱਕੇ ਹਨ। ਉਨ੍ਹਾਂ ਨੇ ਸਿਹਤ ਸਹੂਲਤ, ਖੇਡ, ਸਿੱਖਿਆ ਆਦਿ ਨੂੰ ਪਹਿਲ ਦੇ ਆਧਾਰ ਉੱਤੇ ਪੈਸਾ ਦਿੱਤਾ ਹੈ। ਪਿਛਲੇ ਦਿਨੀਂ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਛੱਤ ਤੋਂ ਛਾਲ ਮਾਰਨ ਵਾਲੀਆਂ ਨਰਸਾਂ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਪੰਜਾਬ ਦਾ ਹਰ ਇਕ ਨਾਗਰਿਕ ਕੈਪਟਨ ਸਰਕਾਰ ਤੋਂ ਦੁਖੀ ਹੈ। ਫਿਰ ਉਹ ਚਾਹੇ ਅਧਿਆਪਕ, ਨਰਸਾਂ, ਸਰਕਾਰੀ ਕਰਮਚਾਰੀ ਹੀ ਕਿਉਂ ਨਾ ਹੋਣ ਸਾਰੇ ਸੜਕਾਂ 'ਤੇ ਉਤਰੇ ਹੋਏ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਕਾਰਜਕਾਲ ਵਿਚ ਮੁਸ਼ਕਲ ਨਾਲ 3-4 ਵਾਰ ਮੁੱਖ ਮੰਤਰੀ ਦਫ਼ਤਰ ਗਏ ਹਨ। ਉਹ ਪ੍ਰਦੇਸ਼ ਦਾ ਸਾਰਾ ਕੰਮ ਆਪਣੇ ਘਰ ਪਟਿਆਲਾ ਤੋਂ ਹੀ ਚਲਾ ਰਹੇ ਹਨ।