ਕੇਜਰੀਵਾਲ ਅੱਜ ਬਰਨਾਲਾ 'ਚ ਕਰਨਗੇ ਰੋਡ ਸ਼ੋਅ (ਵੀਡੀਓ)

05/14/2019 12:54:14 PM

ਬਰਨਾਲਾ (ਮੱਘਰ ਪੁਰੀ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਚ ਸੈਰ ਕਰਨ ਲਈ ਪੁੱਜੇ। ਪਾਰਕ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਭਗਵੰਤ ਮਾਨ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕੀਤਾ।

ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਜਿਵੇਂ ਸੰਸਦ ਵਿਚ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਗਰੀਬਾਂ ਸਣੇ ਹਰ ਵਰਗ ਨਾਲ ਜੁੜੇ ਮੁੱਦੇ ਜ਼ੋਰਦਾਰ ਢੰਗ ਨਾਲ ਚੁੱਕੇ। ਉਸ ਤਰ੍ਹਾਂ ਅੱਜ ਤੱਕ ਕਿਸੇ ਵੀ ਕਾਂਗਰਸੀ ਜਾਂ ਫਿਰ ਅਕਾਲੀਆਂ ਨੇ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਮਾਨ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਪਹਿਲੀ ਵਾਰ ਪਾਰਲੀਮੈਂਟ ਵਿਚ ਸ਼ਰਧਾਂਜਲੀ ਦਿਵਾਈ, ਹੁਣ ਹਰ ਸਾਲ ਸੰਸਦ ਵੱਲੋਂ 27 ਦਸੰਬਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਏਗੀ। ਭਗਵੰਤ ਮਾਨ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਮੈਨੂੰ ਪੂਰੀ ਉਮੀਦ ਹੈ ਇਸ ਵਾਰ ਵੀ ਜਨਤਾ ਉਨ੍ਹਾਂ ਨੂੰ ਭਾਰੀ ਵੋਟ ਨਾਲ ਜਿਤਾਏਗੀ। ਉਨ੍ਹਾਂ ਕਿਹਾ ਕਿ ਜੇ ਦਿੱਲੀ ਵਿਚ ਸੁਧਾਰ ਹੋ ਸਕਦਾ ਹੈ ਤਾਂ ਪੰਜਾਬ ਵਿਚ ਵੀ ਸੰਭਵ ਹੈ।

ਇਸ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੋਂ ਨਸ਼ਿਆਂ ਦੇ ਮੁੱਦੇ ਮੁਆਫੀ ਮੰਗਣ ਬਾਰੇ ਸਫਾਈ ਦਿੰਦੇ ਹੋਏ ਕੇਜਰੀਵਾਲ ਕਿਹਾ ਕਿ ਉਦੋਂ ਦੇਸ਼ ਭਰ ਵਿਚ ਉਨ੍ਹਾਂ 'ਤੇ 33 ਤੋਂ ਜ਼ਿਆਦਾ ਕੇਸ ਚੱਲ ਰਹੇ ਸਨ। ਸਾਰੇ ਕੇਸਾਂ ਵਿਚ ਫਾਸਟ ਟਰੈਕ ਕੋਰਟ ਬੈਠ ਚੁੱਕੀ ਹੋਣ ਕਾਰਨ ਉਨ੍ਹਾਂ ਨੂੰ ਹਰ ਦਿਨ ਪੂਰੇ ਦੇਸ਼ ਵਿਚ ਦੋ-ਤਿੰਨ ਪੇਸ਼ੀਆਂ ਭੁਗਤਣੀਆਂ ਪੈਂਦੀਆਂ ਸਨ। ਦੂਜੇ ਪਾਸੇ ਉਨ੍ਹਾਂ ਨੂੰ ਦਿੱਲੀ ਦੀ ਜਨਤਾ ਨੇ ਮੁੱਖ ਮੰਤਰੀ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ। ਜੇਕਰ ਉਹ ਕੇਸਾਂ ਵਿਚ ਹੀ ਉਲਝੇ ਰਹਿੰਦੇ ਤਾਂ ਜਨਤਾ ਦੇ ਕੰਮ ਕਿਵੇਂ ਕਰ ਸਕਦੇ ਸੀ। ਅਜਿਹੀ ਸੂਰਤ ਵਿਚ ਉਨ੍ਹਾਂ ਨੇ ਸਾਰੇ ਕੇਸਾਂ ਨੂੰ ਨਿਪਟਾਉਣਾ ਹੀ ਸਹੀ ਸਮਝਿਆ। ਉਨ੍ਹਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਇਹ ਮੁੱਦਾ ਜਨਤਾ ਦਾ ਨਹੀਂ ਹੈ, ਸਗੋਂ ਮੀਡੀਆ ਇਸ ਨੂੰ ਉਛਾਲ ਰਹੀ ਹੈ।

ਦੱਸ ਦੇਈਏ ਕਿ ਬੀਤੇ ਦਿਨ ਕੇਜਰੀਵਾਲ ਵੱਲੋਂ ਸੰਗਰੂਰ ਦੇ ਖਨੌਰੀ ਤੋਂ ਲਹਿਰਾਗਾਗਾ-ਸੁਨਾਮ ਤੇ ਚੀਮਾ-ਲੌਂਗੋਵਾਲ-ਧਨੌਲਾ, ਢਿੱਲਵਾਂ ਤੋਂ ਬਰਨਾਲਾ ਤਕ ਰੋਡ ਸ਼ੋਅ ਤੇ ਚੋਣ ਰੈਲੀਆਂ ਕੀਤੀਆਂ ਗਈਆਂ ਸਨ ਅਤੇ ਅੱਜ ਭਾਵ 14 ਮਈ ਨੂੰ ਉਹ ਬਰਨਾਲਾ-ਸੰਘੇੜਾ-ਸ਼ੇਰਪੁਰ-ਧੂਰੀ-ਸੰਗਰੂਰ ਤੱਕ ਰੋਡ ਸ਼ੋਅ ਅਤੇ ਭਵਾਨੀਗੜ੍ਹ, ਦਿੜਬਾ ਤੇ ਸੁਨਾਮ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।


cherry

Content Editor

Related News