ਸਿਹਤ ਵਿਭਾਗ ਦਾ ਇੰਸਪੈਕਟਰ ਅਤੇ DHO ਦਾ ਡਰਾਈਵਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Friday, Dec 06, 2019 - 10:40 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : 20 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਪਟਿਆਲਾ ਦੀ ਟੀਮ ਨੇ ਬਰਨਾਲਾ ਦੇ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਅਭਿਨਵ ਖੌਸਲਾ ਅਤੇ ਡੀ. ਐੱਚ. ਓ. ਦੇ ਡਰਾਈਵਰ ਜਗਪਾਲ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਸਿਹਤ ਵਿਭਾਗ ਦੀ ਟੀਮ ਸੈਂਪਲ ਭਰਨ ਲਈ ਅਨਾਜ ਮੰਡੀ ਦੀ ਇਕ ਦੁਕਾਨ 'ਤੇ ਆਈ ਹੋਈ ਸੀ। ਇੰਸਪੈਕਟਰ ਅਭਿਨਵ ਖੌਸਲਾ ਨੇ ਰਿਸ਼ਵਤ ਦੇ ਪੈਸੇ ਲੈਣ ਲਈ ਦੁਕਾਨਦਾਰ ਨੂੰ ਉਥੇ ਹੀ ਬੁਲਾ ਲਿਆ। ਜਦੋਂ ਦੁਕਾਨਦਾਰ ਰਿਸ਼ਵ ਜੈਨ ਵੱਲੋਂ ਇੰਸਪੈਕਟਰ ਅਤੇ ਡੀ. ਐੱਚ. ਓ. ਦੇ ਡਰਾਈਵਰ ਨੂੰ 20 ਹਜ਼ਾਰ ਰੁਪਏ ਦਿੱਤੇ ਤਾਂ ਵਿਜੀਲੈਂਸ ਪਟਿਆਲਾ ਦੀ ਟੀਮ ਮੌਕੇ 'ਤੇ ਪੁੱਜ ਗਈ ਅਤੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ।
ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਪਟਿਆਲਾ ਨੂੰ ਦੁਕਾਨਦਾਰ ਰਿਸ਼ਵ ਜੈਨ ਨੇ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਿਹਤ ਵਿਭਾਗ ਦੀ ਸੈਂਪਲ ਭਰਨ ਵਾਲੀ ਟੀਮ ਉਸ ਤੋਂ ਡਰਾ-ਧਮਕਾਅ ਕੇ ਰਿਸ਼ਵਤ ਲੈਂਦੀ ਹੈ। ਉਸ ਕੋਲੋਂ 50 ਹਜ਼ਾਰ ਰੁਪਏ ਦੀ ਫਿਰ ਤੋਂ ਮੰਗ ਕੀਤੀ ਜਾ ਰਹੀ ਹੈ। ਦੁਕਾਨਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਕਾਰਵਾਈ ਅਮਲ 'ਚ ਲਿਆਂਦੀ ਗਈ। ਮੌਕੇ 'ਤੇ ਇੰਸਪੈਕਟਰ ਅਭਿਨਵ ਖੌਸਲਾ ਅਤੇ ਡੀ. ਐੱਚ. ਓ. ਰਾਜ ਕੁਮਾਰ ਦੇ ਡਰਾਈਵਰ ਜਗਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਡੀ. ਐੱਚ. ਓ. ਰਾਜ ਕੁਮਾਰ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੈਂਪਲ ਭਰਨ ਦੇ ਨਾਂ 'ਤੇ ਸਿਹਤ ਵਿਭਾਗ ਡੀ. ਐੱਚ. ਓ. ਅਤੇ ਇੰਸਪੈਕਟਰ ਕਰਦੇ ਸਨ ਬਾਜ਼ਾਰਾਂ 'ਚੋਂ ਪੈਸੇ ਇਕੱਠੇ : ਦੁਕਾਨਦਾਰ ਰਿਸ਼ਵ
ਦੁਕਾਨਦਾਰ ਰਿਸ਼ਵ ਜੈਨ ਨੇ ਕਿਹਾ ਕਿ ਡੀ. ਐੱਚ. ਓ. ਰਾਜ ਕੁਮਾਰ ਅਤੇ ਇੰਸਪੈਕਟਰ ਅਭਿਨਵ ਖੌਸਲਾ ਸੈਂਪਲ ਭਰਨ ਦਾ ਡਰਾਵਾ ਦੇ ਕੇ ਬਾਜ਼ਾਰਾਂ 'ਚੋਂ ਪੈਸੇ ਇਕੱਠੇ ਕਰਦੇ ਸਨ। ਇਸ ਕਾਰਣ ਦੁਕਾਨਦਾਰ ਇਨ੍ਹਾਂ ਤੋਂ ਕਾਫੀ ਖਫਾ ਸਨ। ਮੇਰੇ ਕੋਲੋਂ ਵੀ ਸੈਂਪਲ ਭਰਨ ਦੇ ਨਾਂ 'ਤੇ ਇਹ ਰਿਸ਼ਵਤ ਮੰਗਦੇ ਸਨ। ਮੇਰੇ ਕੋਲੋਂ ਪਹਿਲਾਂ ਵੀ ਇਹ 50 ਹਜ਼ਾਰ ਰੁਪਏ ਲੈ ਗਏ ਸਨ। ਹੁਣ ਫਿਰ ਤੋਂ ਇਨ੍ਹਾਂ ਵੱਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਮੈਂ ਇਨ੍ਹਾਂ ਤੋਂ ਦੁਖੀ ਹੋ ਕੇ ਵਿਜੀਲੈਂਸ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ, ਅੱਜ ਮੈਨੂੰ ਇਨਸਾਫ ਮਿਲ ਗਿਆ ਹੈ।