ਬਰਨਾਲਾ : ਦੁਕਾਨਦਾਰਾਂ ਨੇ ਟਰੈਫਿਕ ਪੁਲਸ ਵਿਰੁੱਧ ਕੀਤੀ ਨਾਅਰੇਬਾਜ਼ੀ

Friday, Jan 25, 2019 - 04:37 PM (IST)

ਬਰਨਾਲਾ : ਦੁਕਾਨਦਾਰਾਂ ਨੇ ਟਰੈਫਿਕ ਪੁਲਸ ਵਿਰੁੱਧ ਕੀਤੀ ਨਾਅਰੇਬਾਜ਼ੀ

ਬਰਨਾਲਾ(ਪੁਨੀਤ)— ਟਰੈਫਿਕ ਪੁਲਸ ਨੇ ਬਰਨਾਲਾ ਸ਼ਹਿਰ ਵਿਚ ਟਰੈਫਿਕ ਵਿਵਸਥਾ ਬਣਾਏ ਰੱਖਣ ਲਈ ਸ਼ਹਿਰ ਦੇ 3 ਬਾਜ਼ਾਰਾਂ ਵਿਚ 4 ਪਹੀਆ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਸ਼ਹਿਰ ਦੇ ਦੁਕਾਨਦਾਰਾਂ ਨੇ ਅੱਜ ਸ਼ਹਿਰ ਨੂੰ ਪੂਰਨ ਤੌਰ 'ਤੇ ਬੰਦ ਕਰਕੇ ਟਰੈਫਿਕ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਗਣਤੰਤਰ ਦਿਵਸ ਦੇ ਸਮਾਰੋਹ ਦਾ ਸ਼ਹਿਰ ਵੱਲੋਂ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਦੁਕਾਨਦਾਰ ਰਾਹੁਲ ਅਤੇ ਐੱਮ.ਸੀ. ਹੇਮਰਾਜ ਨੇ ਟਰੈਫਿਕ ਪੁਲਸ 'ਤੇ ਵਪਾਰੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏੇ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਦੇ ਕਰਮਚਾਰੀ ਦੁਕਾਨਦਾਰਾਂ, ਗ੍ਰਾਹਕਾਂ ਅਤੇ ਆਮ ਲੋਕਾਂ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਬਾਜ਼ਾਰ ਵਿਚ ਆਉਣ ਵਾਲੇ 4 ਪਹੀਆਂ ਵਾਹਨਾਂ ਦੇ ਮਾਲਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਵਪਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਦੇ ਕਰਮਚਾਰੀ ਪਿਛਲੇ ਇਕ ਮਹੀਨੇ ਤੋਂ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਪਰੇਸ਼ਾਨ ਕਰ ਰਹੇ ਹਨ, ਜਿਸ ਤੋਂ ਤੰਗ ਆ ਕੇ ਸ਼ਹਿਰ ਵਾਸੀਆਂ ਨੇ ਬਰਨਾਲਾ ਬੰਦ ਕਰਨ ਦਾ ਫੈਸਲਾ ਲਿਆ ਹੈ।

ਦੁਕਾਨਦਾਰ ਰਾਹੁਲ ਨੇ ਦੱਸਿਆ ਕਿ ਉਸ ਦੀ ਮਿਠਾਈ ਦੀ ਦੁਕਾਨ ਹੈ ਅਤੇ ਅੱਜ ਸਵੇਰੇ ਦੁੱਧ ਦੀ ਗੱਡੀ ਉਨ੍ਹਾਂ ਦੀ ਦੁਕਾਨ 'ਤੇ ਦੁੱਧ ਸਪਲਾਈ ਕਰਨ ਲਈ ਆਈ ਸੀ, ਜਿਸ ਤੋਂ ਬਾਅਦ ਟਰੈਫਿਕ ਪੁਲਸ ਦੇ ਕਰਮਚਾਰੀਆਂ ਨੇ ਪਹਿਲਾਂ ਤਾਂ ਗੱਡੀ ਮਾਲਕ ਨਾਲ ਗਲਤ ਵਿਵਹਾਰ ਕੀਤਾ। ਉਥੇ ਹੀ ਐੱਮ.ਸੀ. ਹੇਮਰਾਜ ਗਰਗ ਨੇ ਦੱਸਿਆ ਕਿ ਜਦੋਂ ਤੱਕ ਜ਼ਿਲਾ ਪ੍ਰਸ਼ਾਸਨ ਟਰੈਫਿਕ ਪੁਲਸ ਦੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਹੈ ਉਦੋਂ ਤੱਕ ਬਰਨਾਲਾ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਏਗਾ ਅਤੇ ਗਣਤੰਤਰ ਦਿਵਸ ਦੇ ਸਮਾਰੋਹ ਦਾ ਵੀ ਸਾਰੇ ਸ਼ਹਿਰ ਵਾਸੀ ਬਾਈਕਾਟ ਕਰਨਗੇ।

ਉਥੇ ਹੀ ਇਸ ਮਾਮਲੇ 'ਤੇ ਜ਼ਿਲਾ ਟਰੈਫਿਕ ਪੁਲਸ ਦੇ ਇੰਚਾਰਜ ਗੌਰਵਵੰਸ਼ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਵਿਵਸਥਾ ਨੂੰ ਸਹੀ ਕਰਨ ਲਈ ਸ਼ਹਿਰ ਦੇ ਮੇਨ 3 ਬਾਜ਼ਾਰਾਂ ਵਿਚ 4 ਪਹੀਆ ਵਾਹਨਾਂ ਲਈ ਨੌ ਐਂਟਰੀ ਕੀਤੀ ਗਈ ਸੀ ਅਤੇ ਅੱਜ ਇਕ ਗੱਡੀ ਨਿਯਮ ਤੋੜਦੇ ਹੋਏ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਦਾਖਲ ਹੋਈ, ਜਿਸ ਨੂੰ ਉਸ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ ਪਰ ਦੁਕਾਨਦਾਰਾਂ ਨੇ ਮਿਲ ਕੇ ਪਹਿਲਾਂ ਤਾਂ ਗੱਡੀ ਵਾਲੇ ਨੂੰ ਭਜਾ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਨੇ ਸਰਕਾਰੀ ਕੰਮ ਵਿਚ ਰੁਕਾਵਟ ਪਾਈ, ਜਿਸ ਬਾਰੇ ਵਿਚ ਉਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ।


author

cherry

Content Editor

Related News