ਭਾਈ ਲੌਂਗੋਵਾਲ ਭੁੱਲੇ ਆਪਣੇ ਅਹੁਦੇ ਦੀ ਮਰਿਆਦਾ : ਢੀਂਡਸਾ
Tuesday, Jan 21, 2020 - 09:55 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ''ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਪਣੇ ਅਹੁਦੇ ਦੀ ਮਾਣ-ਮਰਿਆਦਾ ਭੁੱਲ ਰਹੇ ਹਨ।'' ਇਹ ਸ਼ਬਦ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਬਣਾਉਣ ਲਈ ਢੀਂਡਸਾ ਪਰਿਵਾਰ ਦਾ ਵੱਡਾ ਹੱਥ ਸੀ। ਅਸੀਂ ਸਾਰੇ ਵਰਕਰਾਂ ਨੂੰ ਕਿਹਾ ਸੀ ਕਿ ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਜ਼ਿਲਾ ਸੰਗਰੂਰ ਵਿਚ ਆ ਰਹੀ ਹੈ। ਇਸ ਲਈ ਸਾਰੇ ਵਰਕਰਾਂ ਨੂੰ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸਾਡੇ ਪਿੰਡ ਦੇ ਇਕ ਸਮਾਗਮ 'ਚ ਗੁਰੂ ਸਾਹਿਬ ਦੀ ਹਾਜ਼ਰੀ 'ਚ ਕਿਹਾ ਸੀ ਕਿ ਮੈਨੂੰ ਪ੍ਰਧਾਨ ਬਣਾਉਣ 'ਚ ਢੀਂਡਸਾ ਪਰਿਵਾਰ ਦਾ ਵੱਡਾ ਹੱਥ ਹੈ। ਧਾਰਮਕ ਵਿਅਕਤੀ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਕਾਲੀ ਦਲ ਵੱਲੋਂ ਕੱਢੇ ਨੋਟਿਸ ਸਬੰਧੀ ਜਵਾਬ ਦੇਣ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਸ਼ਾਇਦ ਨੋਟਿਸ ਕੱਟ ਕੇ ਆਪਣੀ ਜੇਬ 'ਚ ਪਾ ਲਿਆ ਹੈ। ਜੇਕਰ ਨੋਟਿਸ ਆਉਂਦਾ ਹੈ ਤਾਂ ਉਸ ਦਾ ਜਵਾਬ ਜ਼ਰੂਰ ਦਿਆਂਗੇ ਕਿਉਂਕਿ ਅਸੀਂ ਲੋਕਾਂ ਦੇ ਜਵਾਬਦੇਹ ਹਾਂ। ਅਕਾਲੀ ਦਲ 'ਚ ਕੋਈ ਲੋਕਤੰਤਰ ਨਹੀਂ ਹੈ। ਬਲਕਿ ਸੱਤਾ ਦੀ ਭੁੱਖ ਹੋ ਗਈ ਹੈ। ਸੱਤਾ ਦੀ ਭੁੱਖ ਕਾਰਨ ਹੀ ਗਲਤ ਫੈਸਲੇ ਲਏ ਜਾ ਰਹੇ ਹਨ।