ਅਕਾਲੀ ਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ-ਵੱਟੇ : ਭਗਵੰਤ ਮਾਨ

Monday, Apr 22, 2019 - 12:14 PM (IST)

ਅਕਾਲੀ ਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ-ਵੱਟੇ : ਭਗਵੰਤ ਮਾਨ

ਬਰਨਾਲਾ/ਸ਼ੇਰਪੁਰ (ਵਿਵੇਕ ਸਿੰਧਵਾਨੀ/ਸਿੰਗਲਾ) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਪੱਤੀ ਖਲੀਲ ਵਿਖੇ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦਾ ਖਾਤਮਾ ਹੋ ਜਾਵੇਗਾ, ਕਿਉਂਕਿ ਬੇਅਦਬੀਆਂ ਦੇ ਮਾਮਲੇ ਕਰਕੇ ਅਕਾਲੀ ਦਲ ਦਾ ਪਿੰਡ-ਪਿੰਡ ਪੱਧਰ 'ਤੇ ਵਿਰੋਧ ਹੋ ਰਿਹਾ ਹੈ ਅਤੇ ਲੋਕ ਬਾਦਲਾਂ ਤੋਂ ਔਖੇ ਹਨ। ਗੁਟਕਾ ਸਾਹਿਬ ਦੀਆਂ ਕਸਮਾਂ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ। ਇਹੀ ਕਾਰਨ ਹੈ ਕਿ ਅਕਾਲੀ ਤੇ ਕਾਂਗਰਸੀ ਇਕੋ ਥਾਲੀ ਦੇ ਚੱਟੇ-ਵੱਟੇ ਹਨ।

ਹੁਣ ਸਮਾਂ ਆ ਗਿਆ ਕਿ ਪਾਰਲੀਮੈਂਟ ਵਿਚ ਲੋਕਾਂ ਦੀ ਗੱਲ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਨਿੱਧੜਕ ਯੋਧੇ ਉਮੀਦਵਾਰਾਂ ਨੂੰ ਪੰਜਾਬ ਵਿਚ ਸਾਰੀਆਂ ਸੀਟਾਂ 'ਤੇ ਸ਼ਾਨਦਾਰ ਜਿੱਤ ਦਵਾ ਕੇ ਲੋਕ ਸਭਾ ਵਿਚ ਭੇਜਿਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਦਿੱਲੀ ਦੀ ਕੇਂਦਰੀ ਸਰਕਾਰ ਤਕ ਜਾ ਸਕੇ ਅਤੇ ਪਿੰਡਾਂ ਦੇ ਵਿਕਾਸ ਲਈ ਕੇਂਦਰ ਦਾ ਪੈਸਾ ਆ ਸਕੇ। ਸ਼੍ਰੀ ਮਾਨ ਨੇ ਕਿਹਾ ਕਿ ਕੇਂਦਰ ਦੀਆਂ ਬਹੁਤੀਆਂ ਸਕੀਮਾਂ ਦਾ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਇਨ੍ਹਾਂ ਸਕੀਮਾਂ ਨਾਲ ਪਿੰਡਾਂ ਦੇ ਕਿੰਨੇ ਵੱਡੇ-ਵੱਡੇ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਾਵਾਰ ਵੱਧ ਗਿਣਤੀ ਲੋਕ ਸਭਾ ਵਿਚ ਜਾਣਗੇ ਤਾਂ ਉਹ ਵਧੇਰੇ ਫੰਡ ਪਿੰਡਾਂ ਦੇ ਵਿਕਾਸ ਲਈ ਲਿਆ ਸਕਦੇ ਹਨ।


author

cherry

Content Editor

Related News