ਵੱਡੇ ਅਧਿਕਾਰੀਆਂ ਨੇ ਲਏ ਸਰਕਾਰੀ ਸਕੂਲ ਦੇ 2-2 ਬੱਚੇ ਗੋਦ

Thursday, Nov 21, 2019 - 10:09 AM (IST)

ਵੱਡੇ ਅਧਿਕਾਰੀਆਂ ਨੇ ਲਏ ਸਰਕਾਰੀ ਸਕੂਲ ਦੇ 2-2 ਬੱਚੇ ਗੋਦ

ਬਰਨਾਲਾ ( ਪੁਨੀਤ ਮਾਨ) - ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਬੱਚਿਆਂ ਦਾ ਪੱਧਰ ਉੱਚਾ ਕਰਨ ਦੇ ਲਈ ਜ਼ਿਲਾ ਬਰਨਾਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਕ ਵਿਸ਼ੇਸ਼ ਮਿਸਾਲ ਕਾਇਮ ਕੀਤੀ ਜਾ ਰਹੀ ਹੈ। ਇਸੇ ਰੀਤ ਦੇ ਸਦਕਾ ਅੱਜ ਬਰਨਾਲਾ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਜਿਵੇਂ ADC, DEO, ਸਕੂਲ ਪ੍ਰਿੰਸੀਪਲ ਆਦਿ ਅਧਿਕਾਰੀਆਂ ਨੇ ਸਕੂਲ ਦੇ 2-2 ਬੱਚਿਆਂ ਨੂੰ ਗੋਦ ਲਿਆ, ਜਿਨ੍ਹਾਂ ਦੀ ਪੜ੍ਹਾਈ ਦਾ ਜਿੰਮਾ ਹੁਣ ਉਹ ਉਠਾਉਂਗੇ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਪਿੰਡ ਸੇਖਾ ਦੇ ਸਰਕਾਰੀ ਸਕੂਲ ’ਚ ਪੜ੍ਹ ਰਹੇ ਬੱਚਿਆਂ ’ਚੋਂ 2 ਬੱਚਿਆਂ ਨੂੰ ਅਡੋਪਟ ਕੀਤਾ ਹੈ, ਜਿਨ੍ਹਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ। 

PunjabKesari

ਇਸ ਗੱਲ ਦਾ ਪਤਾ ਲੱਗਣ ’ਤੇ ਸਕੂਲ ਪੁੱਜੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਿਹੜੇ ਬੱਚੇ ਗੋਦ ਲਏ ਗਏ ਹਨ, ਉਹ ਸਾਰੇ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਹੋਸ਼ਿਆਰ ਬੱਚੇ ਹਨ। ਗਰੀਬ ਹੋਣ ਕਾਰਨ ਇਹ ਬੱਚੇ ਆਪਣੀ ਪੜ੍ਹਾਈ ਛੱਡ ਦਿੰਦੇ ਹਨ, ਜਿਸ ਕਾਰਨ ਉਕਤ ਅਧਿਕਾਰੀਆਂ ਵਲੋਂ ਇਹ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਅਕਤੀ ਉਨ੍ਹਾਂ ਦੀ ਇਸ ਮੁਹਿੰਮ ਨਾਲ ਜੁੜ ਕੇ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਦਾ ਹਿੱਸਾ ਬਣ ਸਕਦਾ ਹੈ। ਸਕੂਲ ਪੁੱਜੇ ਬਰਨਾਲਾ ਦੇ ਡੀ.ਸੀ. ਨੇ ਮਿੱਡ-ਡੇ-ਮੀਲ ’ਚ ਬੱਚਿਆਂ ਲਈ ਤਿਆਰ ਕੀਤਾ ਜਾਣ ਵਾਲਾ ਭੋਜਨ ਵੀ ਚੈੱਕ ਕੀਤਾ ਅਤੇ ਸਕੂਲ ਦੇ ਹਾਲਾਤਾਂ ’ਤੇ ਨਜ਼ਰ ਮਾਰੀ। 

ਦੂਜੇ ਪਾਸੇ ਪਿੰਡ ਦੇ ਲੋਕਾਂ ਅਤੇ ਸਕੂਲ ਮੈਨੇਜਮੈਂਟ ਨੇ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਲਈ ਇਹ ਅਹਿਮ ਕਦਮ ਹੈ। ਅਧਿਕਾਰੀਆਂ ਵਲੋਂ ਮਿਲਣ ਜਾ ਰਹੀ ਇਹ ਸਹੂਲਤ ਸੱਚ ’ਚ ਇਕ ਮਿਸਾਲ ਕਾਇਮ ਕਰ ਰਹੀ ਹੈ। 


author

rajwinder kaur

Content Editor

Related News