ਅਕਾਲੀ-ਭਾਜਪਾ ਨੇਤਾ ਸ਼ਰਾਬ ਮਾਫ਼ੀਆ ਨਾਲ ਸ਼ਾਮਲ : ਬਰਿੰਦਰ ਢਿੱਲੋਂ

Thursday, Aug 06, 2020 - 04:07 PM (IST)

ਅਕਾਲੀ-ਭਾਜਪਾ ਨੇਤਾ ਸ਼ਰਾਬ ਮਾਫ਼ੀਆ ਨਾਲ ਸ਼ਾਮਲ : ਬਰਿੰਦਰ ਢਿੱਲੋਂ

ਚੰਡੀਗੜ੍ਹ : ਸੂਬੇ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਦੋਸ਼ੀਆਂ ਨੂੰ ਪਨਾਹ ਦੇਣ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਦੋਸ਼ੀ ਠਹਿਰਾਉਂਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਅੱਜ ਕਿਹਾ ਕਿ ਅਕਾਲੀ-ਭਾਜਪਾ ਲੀਡਰਸ਼ਿਪ ਨਾਲ ਸ਼ਰਾਬ ਤਸਕਰ ਦੀਆਂ ਤਸਵੀਰਾਂ ਨੇ ਕਾਂਗਰਸ ਦੇ ਇਸ ਪੱਖ ਨੂੰ ਸਹੀ ਠਹਿਰਾਇਆ ਹੈ ਕਿ ਇਹ ਗੈਰ ਕਾਨੂੰਨੀ ਕਾਰੋਬਾਰ ਉਨ੍ਹਾਂ ਦੀ ਖੁੱਲੀ ਸਰਪ੍ਰਸਤੀ ਹੇਠ ਵਧਿਆ।

PunjabKesari

ਅੱਜ ਇੱਥੇ ਜਾਰੀ ਇੱਕ ਬਿਆਨ 'ਚ ਬਰਿੰਦਰ ਢਿੱਲੋਂ ਨੇ ਕਿਹਾ ਕਿ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਮੁੱਖ ਦੋਸ਼ੀ ਤ੍ਰਿਵੇਣੀ ਚੌਹਾਨ ਦੇ ਗੱਠਜੋੜ ਦੇ ਨੇਤਾਵਾਂ ਨਾਲ ਡੂੰਘੇ ਸਬੰਧ ਸਨ ਅਤੇ ਉਸ ਦਾ ਕਾਰੋਬਾਰ ਅਕਾਲੀ ਲੀਡਰਸ਼ਿਪ ਦੇ ਦਹਾਕੇ ਦੇ ਲੰਬੇ ਸਮੇਂ ਦੌਰਾਨ ਸਿਖ਼ਰਾਂ ’ਤੇ ਸੀ। ਉਨ੍ਹਾਂ ਕਿਹਾ ਕਿ ਚੌਹਾਨ ਦੀਆਂ ਸਾਬਕਾ ਮੰਤਰੀਆਂ ਗੁਲਜ਼ਾਰ ਸਿੰਘ ਰਣੀਕੇ ਅਤੇ ਬੀਬੀ ਜਾਗੀਰ ਕੌਰ, ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਬਟਾਲਾ  ਲਖਬੀਰ ਸਿੰਘ ਲੋਧੀਨੰਗਲ ਅਤੇ ਹੋਰਨਾਂ ਸਮੇਤ ਸੀਨੀਅਰ ਅਕਾਲੀ ਨੇਤਾਵਾਂ ਨਾਲ ਹੋਈਆਂ ਤਸਵੀਰਾਂ ਨੇ ਸੰਕੇਤ ਦਿੱਤਾ ਕਿ ਅਕਾਲੀ ਆਗੂ ਵੀ ਸੂਬੇ 'ਚ ਚੱਲ ਰਹੇ ਸ਼ਰਾਬ ਮਾਫ਼ੀਆ 'ਚ ਸ਼ਾਮਲ ਹਨ।

PunjabKesari

ਢਿੱਲੋਂ ਨੇ ਕਿਹਾ ਕਿ ਇਹ ਸੱਚ ਹੈ ਕਿ ਅਕਾਲੀ-ਭਾਜਪਾ ਗੱਠਜੋੜ ਨੇ ਆਪਣੇ ਸ਼ਾਸਨ ਦੌਰਾਨ ਮਾਫ਼ੀਆ ਦੀ ਪ੍ਰਫੁੱਲਤਾ ਨੂੰ ਯਕੀਨੀ ਬਣਾਇਆ।  ਇਸ ਸਬੰਧੀ ਕਾਂਗਰਸੀ ਨੇਤਾਵਾਂ ਦੀ ਸ਼ਮੂਲੀਅਤ ਬਾਰੇ ਅਕਾਲੀ-ਭਾਜਪਾ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਭਰਮਾਉਣ ਵਾਲੇ ਬਿਆਨਾਂ ਦਾ ਹਵਾਲਾ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਸਹੀ ਸਿੱਧ ਹੋ ਰਿਹਾ ਸੀ ਕਿਉਂਕਿ ਸਾਰਾ ਦੇਸ਼ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਕਾਰਜਕਕਾਲ ਦੌਰਾਨ ਹਰ ਕਿਸਮ ਦੇ ਮਾਫ਼ੀਆ ਪ੍ਰਫੁੱਲਤ ਹੋਏ ਸਨ। ਉਨ੍ਹਾਂ ਕਿਹਾ ਕਿ ਸਿਰਫ਼ ਇਹ ਹੀ ਨਹੀਂ, ਸਗੋਂ ਅਕਾਲੀ ਲੀਡਰਸ਼ਿਪ ਨੇ ਚੌਹਾਨ ਨੂੰ ਸਰਕਾਰ 'ਚ ਆਪਣੇ ਕਾਰਜਕਾਲ ਦੌਰਾਨ ਮਨਚਾਹੀ ਪੋਸਟਿੰਗ ਦਿੱਤੀ ਸੀ। ਢਿੱਲੋਂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਬੇ-ਬੁਨਿਆਦ ਬਿਆਨ ਜਾਰੀ ਕਰ ਰਿਹਾ ਹੈ। 
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਲਈ ਸੂਬੇ 'ਚੋਂ ਨਸ਼ਿਆਂ ਦੀ ਮਾਰ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਇਸ 'ਚ ਸ਼ਾਮਲ ਤਸਕਰਾਂ ਖ਼ਿਲਾਫ਼ ਧਾਰਾ-302 ਤਹਿਤ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ। ਬਰਿੰਦਰ ਢਿੱਲੋਂ ਨੇ ਕਿਹਾ ਕਿ ਇਸ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।


author

Babita

Content Editor

Related News