ਬਰਗਾੜੀ ਮੋਰਚਾ : 59ਵੇਂ ਜਥੇ ’ਚ ਸੰਗਰੂਰ ਦੇ 5 ਸਿੰਘਾਂ ਨੇ ਦਿੱਤੀ ਗ੍ਰਿਫ਼ਤਾਰੀ
Tuesday, Aug 31, 2021 - 07:07 PM (IST)
ਜੈਤੋ (ਰਘੂਨੰਦਨ ਪਰਾਸ਼ਰ)-ਸਾਲ 2015 ’ਚ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਚੱਲ ਰਿਹਾ ਹੈ। ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ’ਚ ਚੱਲ ਰਿਹਾ ਹੈ। ਅੱਜ ਜ਼ਿਲ੍ਹਾ ਸੰਗਰੂਰ ਦੇ 5 ਸਿੰਘਾਂ ਪਾਲ ਸਿੰਘ ਖਾਈ, ਸ਼ੇਰ ਸਿੰਘ, ਤੇਜਾ ਸਿੰਘ, ਜਸਵੀਰ ਸਿੰਘ ਤੇ ਗਿਆਨ ਸਿੰਘ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ’ਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫ਼ਤਾਰੀ ਦਿੱਤੀ।
ਜਥੇ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੁਲਦੀਪ ਸਿੰਘ ਭਾਗੋਵਾਲ, ਬਹਾਦਰ ਸਿੰਘ ਭਸੋੜ ਤੇ ਹਰਜੀਤ ਸਿੰਘ ਸਜੂਮਾ ਨੇ ਰਵਾਨਾ ਕੀਤਾ। ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਸੁਚੱਜੇ ਢੰਗ ਨਾਲ ਨਿਭਾਈ। ਜਥੇਦਾਰ ਦਰਸਨ ਸਿੰਘ ਦਲੇਰ ਕੋਟਲੀ ਦੇ ਢਾਡੀ ਜਥੇ ਨੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।