ਬਰਗਾੜੀ ਕਾਂਡ: ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਪੀੜਤ ਪਰਿਵਾਰ
Tuesday, Sep 15, 2020 - 05:58 PM (IST)
ਫਰੀਦਕੋਟ (ਜਗਦੀਸ਼): ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਵਿਖੇ ਇਨਸਾਫ਼ ਦੀ ਮੰਗ ਲਈ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਅੱਤਿਆਚਾਰ ਦੌਰਾਨ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਅਤੇ ਅਨੇਕਾਂ ਨੂੰ ਜ਼ਖ਼ਮੀ ਕਰ ਦੇਣ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤ ਪਰਿਵਾਰ ਅੱਜ ਵੀ ਜਲੀਲ ਹੋ ਰਹੇ ਹਨ। ਲਗਭਗ 5 ਸਾਲ ਸੰਤਾਪ ਹੰਡਾਉਣ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਅਕਾਲੀ-ਭਾਜਪਾ ਗਠਜੋੜ ਦੇ ਨਾਲ-ਨਾਲ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸਤਦਾਨਾਂ ਸਮੇਤ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਤੋਂ ਵੀ ਵਿਸ਼ਵਾਸ ਉੱਠ ਚੁੱਕਾ ਹੈ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ 'ਚ ਮੌਤ
ਪੁਲਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਬਾਦਲਾਂ ਨੇ ਸੱਤਾ 'ਚ ਹੁੰਦਿਆਂ ਵੀ ਸਾਨੂੰ ਇਨਸਾਫ ਨਹੀਂ ਲੈਣ ਦਿੱਤਾ ਅਤੇ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਹੋਰ ਵਿਸ਼ੇਸ਼ ਜਾਂਚ ਟੀਮਾਂ ਨੇ ਸਾਰੀ ਤਸਵੀਰ ਸਪੱਸ਼ਟ ਕਰ ਦਿੱਤੀ ਹੈ ਤਾਂ ਬਾਦਲਾਂ ਵੱਲੋਂ ਜਾਂਚ 'ਚ ਅੜਿੱਕੇ ਪਤਾ ਨਹੀਂ ਕਿਉਂ ਪਾਏ ਜਾ ਰਹੇ ਹਨ? ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ 14 ਅਕਤੂਬਰ 2015 ਦੀ ਘਟਨਾ ਤੋਂ ਬਾਅਦ ਉਨ੍ਹਾਂ ਘਰ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਵਰਗੇ ਵੱਡੇ ਆਗੂਆਂ ਸਮੇਤ ਅਨੇਕਾਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਆਏ, ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ ਪਰ ਹੁਣ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ।
ਇਹ ਵੀ ਪੜ੍ਹੋ: ਸਰਗਰਮ ਕਾਰ ਚੋਰ ਗਰੋਹ ਨੇ ਘਰ ਮੂਹਰਿਓਂ ਨਵੀਂ ਕਰੇਟਾ ਕੀਤੀ ਛੂੰ ਮੰਤਰ, ਹਰਿਆਣੇ ਤੱਕ ਖੜਕੀਆਂ ਤਾਰਾਂ
ਉਨ੍ਹਾਂ ਦੱਸਿਆ ਕਿ ਸਾਡੀ ਜਾਨ ਨੂੰ ਖਤਰਾ ਹੈ, ਪੁਲਸ ਸੁਰੱਖਿਆ ਦੇਣ ਦੀ ਹਾਮੀ ਤਾਂ ਭਰਦੀ ਹੈ ਪਰ ਅਸੀਂ ਸੁਰੱਖਿਆ ਦਾ ਖਰਚਾ ਭਰਨ ਤੋਂ ਅਸਮਰੱਥ ਹਾਂ। ਕੈਪਟਨ ਸਰਕਾਰ ਵੀ ਹੁਣ ਪੀੜਤ ਪਰਿਵਾਰਾਂ ਦੀ ਸਾਰ ਨਹੀਂ ਲੈ ਰਹੀ ਕਿਉਂਕਿ ਲਗਭਗ ਸਵਾ ਮਹੀਨੇ ਤੋਂ ਜ਼ਿਆਦਾ ਚੱਲੇ ਬਰਗਾੜੀ ਦੇ ਇਨਸਾਫ ਮੋਰਚੇ ਦੀ ਸਮਾਪਤੀ ਲਈ 9 ਦਸੰਬਰ 2018 ਨੂੰ ਉਚੇਚੇ ਤੌਰ 'ਤੇ ਆਏ ਕੈਪਟਨ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਅਤੇ ਪੰਜ ਵਿਧਾਇਕਾਂ ਵੱਲੋਂ ਸੰਗਤਾਂ ਦੇ ਭਾਰੀ ਇਕੱਠ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਕੀਤੇ ਗਏ ਵਾਅਦੇ ਅੱਜ ਤੱਕ ਵਫਾ ਨਾ ਹੋਏ।
ਕਮਿਸ਼ਨ ਦੀ ਰਿਪੋਰਟ ਨੇ ਅਸਲ ਤੱਥ ਕੀਤੇ ਉਜ਼ਾਗਰ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਉਸ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ, ਐੱਸ. ਪੀ. ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਉਸ ਸਮੇਂ ਦੇ ਐੱਸ. ਐੱਚ. ਓ. ਅਮਰਜੀਤ ਸਿੰਘ ਕੁਲਾਰ ਨੂੰ ਬਾਜਾਖਾਨਾ ਥਾਣੇ 'ਚ ਦਰਜ ਐੱਫ. ਆਈ. ਆਰ 'ਚ ਨਾਮਜ਼ਦ ਕੀਤਾ ਗਿਆ ਸੀ। ਉਕਤ 'ਚੋਂ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਦੇ ਤਿੰਨ ਮੁਲਜ਼ਮ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ 'ਤੇ ਹਨ। ਹੁਣ ਉਕਤ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਬਾਜਾਖਾਨਾ ਥਾਣੇ 'ਚ ਦਰਜ 130 ਨੰਬਰ ਐੱਫ. ਆਈ. ਆਰ. 'ਚ ਸੁਹੇਲ ਸਿੰਘ ਬਰਾੜ, ਪੰਕਜ ਬਾਂਸਲ ਅਤੇ ਉਸ ਸਮੇਂ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਨੂੰ ਵੀ ਨਾਮਜ਼ਦ ਕੀਤਾ ਹੈ।