ਬਰਗਾੜੀ ’ਚ 1 ਜੂਨ ਨੂੰ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਸੰਘਰਸ਼ ਦਾ ਐਲਾਨ : ਦਾਦੂਵਾਲ

Sunday, May 30, 2021 - 06:34 PM (IST)

ਤਲਵੰਡੀ ਸਾਬੋ (ਮੁਨੀਸ਼) : ਬਰਗਾੜੀ ਬੇਅਦਬੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਅੱਜ ਵੀ ਅਧੂਰਾ ਹੈ। ਬਾਦਲਾਂ ਦੇ ਰਾਜ ਵਿਚ ਵਾਪਰੀ ਇਹ ਅਣਹੋਣੀ ਘਟਨਾ ਦੇ ਇਨਸਾਫ ਤੋਂ ਬਾਦਲਾਂ ਨੇ ਖ਼ੁਦ ਨੂੰ ਫਸਦੇ ਵੇਖ ਮੂੰਹ ਮੋੜ ਲਿਆ ਅਤੇ ਕੈਪਟਨ ਸਰਕਾਰ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਉਸ ਨੇ ਵੀ ਪੂਰਾ ਇਨਸਾਫ਼ ਨਹੀਂ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨਾਲ ਦੋਸਤੀ ਨਿਭਾਉਂਦੇ ਕੈਪਟਨ ਨੇ ਬਰਗਾੜੀ ਬੇਅਦਬੀ ਕਾਂਡ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਨੂੰ ਸਿਆਸੀ ਘੁੰਮਣਘੇਰੀਆਂ ਵਿਚ ਉਲਝਾ ਕੇ ਰੱਖ ਦਿੱਤਾ ਹੈ। ਬਰਗਾੜੀ ਇਨਸਾਫ਼ ਮੋਰਚਾ ਜੋ ਸਾਢੇ ਛੇ ਮਹੀਨੇ ਦੇ ਕਰੀਬ ਚੱਲਿਆ ਉਸ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੋਰਚਾ ਡਿਕਟੇਟਰ ਨਾਲ ਝੂਠੇ ਵਾਅਦੇ ਕਰਕੇ ਉਠਾ ਦਿੱਤਾ ਸੀ ਜਿਸ ਦਾ ਰੋਸ਼ ਹਰ ਸਿੱਖ ਹਿਰਦੇ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਦਾ ਦੋ ਟੁੱਕ ਸ਼ਬਦਾਂ ’ਚ ਜਵਾਬ

ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ 1 ਜੂਨ ਨੂੰ ਮੁੜ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿਚ ਬੇਅਦਬੀ ਅਤੇ ਗੋਲ਼ੀ ਕਾਂਡ ਦੇ ਇਨਸਾਫ਼ ਲਈ ਮੁੜ ਸੰਘਰਸ਼ ਦਾ ਐਲਾਨ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਸੰਤ ਮਹਾਪੁਰਸ਼ਾਂ ਸੰਪਰਦਾਵਾਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਸਾਰੇ ਆਪੋ ਆਪਣਾ ਫ਼ਰਜ਼ ਪਛਾਣਦੇ ਹੋਏ ਵਹੀਰਾਂ ਘੱਤ ਕੇ 1 ਜੂਨ ਨੂੰ ਬਰਗਾੜੀ ਗੁਰਦੁਆਰਾ ਸਾਹਿਬ ਵਿਖੇ ਪੁੱਜੀਏ, ਜਿੱਥੇ ਸਿੱਖ ਜਥੇਬੰਦੀਆਂ ਦੇ ਆਗੂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਇਸ ਬਰਗਾੜੀ ਬੇਅਦਬੀ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਲਈ ਮੁੜ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਤਿੰਨ ਮੈਂਬਰੀ ਕਮੇਟੀ ਦੇ ਬੁਲਾਵੇ ਤੋਂ ਪਹਿਲਾਂ ਬੋਲੇ ਬਾਜਵਾ, ਦਲੇਰ ਬਣੋ ਤੇ ਆਪਣੇ ਜਜ਼ਬਾਤਾਂ ਦੀ ਆਵਾਜ਼ ਸੁਣੋ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News