ਬਟਾਲਾ ਦੇ ਜ਼ਿਲ੍ਹਾ ਬਣਨ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਹੜਤਾਲ ਸ਼ੁਰੂ

Tuesday, Sep 07, 2021 - 08:48 PM (IST)

ਗੁਰਦਾਸਪੁਰ (ਸਰਬਜੀਤ)-ਬਟਾਲਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੇ ਵਿਰੋਧ ’ਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਅਤੇ ਜ਼ਿਲਾ ਬਚਾਓ ਸੰਘਰਸ਼ ਕਮੇਟੀ ਵੱਲੋਂ ਅਦਾਲਤਾਂ ਦਾ ਕੰਮਕਾਜ ਠੱਪ ਕਰਕੇ ਰੋਸ ਵਜੋਂ ਇਕ ਵਿਸ਼ਾਲ ਮੀਟਿੰਗ ਦਾ ਆਯੋਜਿਨ ਜ਼ਿਲ੍ਹਾ ਕਚਹਿਰੀ ਕੰਪਲੈਕਸ ’ਚ ਕੀਤਾ ਗਿਆ, ਜਿਸ ’ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ, ਵਾਈਸ ਪ੍ਰਧਾਨ ਹਰਜੀਤ ਸਿੰਘ, ਸਕੱਤਰ ਜਤਿੰਦਰ ਸਿੰਘ ਸਮੇਤ ਹੋਰ ਵਕੀਲਾਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜਿਆਂ ’ਚ ਵੰਡਣ ਨਾਲ ਜਿਥੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ, ਉੱਥੇ ਬਾਰ ਐਸੋਸੀਏਸ਼ਨ ਦੇ ਕੰਮ ’ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਸਰਕਾਰ ਨੇ ਪਠਾਨਕੋਟ ਨੂੰ ਜ਼ਿਲ੍ਹਾ ਬਣਾ ਕੇ ਗੁਰਦਾਸਪੁਰ ਤੋਂ ਵੱਖ ਕਰ ਦਿੱਤਾ ਹੈ ਪਰ ਹੁਣ ਜੇਕਰ ਬਟਾਲਾ ਸ਼ਹਿਰ ਨੂੰ ਜ਼ਿਲ੍ਹਾ ਬਣਾ ਦਿੱਤਾ ਜਾਦਾ ਹੈ, ਇਸ ਨਾਲ ਇੱਕ ਤਾਂ ਜ਼ਿਲ੍ਹਾ ਗੁਰਦਾਸਪੁਰ ਦੀ ਜਨਤਾ ਨੂੰ ਪ੍ਰੇਸ਼ਾਨੀ ਹੋਵੇਗੀ, ਉੱਥੇ ਸਾਡੇ ਜ਼ਿਲ੍ਹੇ ਦੇ ਵਕੀਲਾਂ ਨੂੰ ਵੀ ਆਰਥਿਕ ਨੁਕਸਾਨ ਹੋਵੇਗਾ। ਇਸ ਲਈ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਬਟਾਲਾ ਸ਼ਹਿਰ ਨੂੰ ਜ਼ਿਲ੍ਹਾ ਨਾ ਬਣਾਇਆ ਜਾਵੇ।

ਇਹ ਵੀ ਪੜ੍ਹੋ : ਜਲ ਤੋਪਾਂ ਅੱਗੇ ਨਹੀਂ ਝੁਕੇ ਕਿਸਾਨ, ਮਿੰਨੀ ਸਕੱਤਰੇਤ ਜਾ ਲਾਇਆ ਧਰਨਾ

ਉਨ੍ਹਾਂ ਕਿਹਾ ਕਿ ਅੱਜ ਸਾਡੇ ਵੱਲੋਂ ਇਸ ਦੇ ਰੋਸ ਵਜੋਂ ਹੜਤਾਲ ਕੀਤੀ ਗਈ ਹੈ, ਜੋ 13 ਸਤੰਬਰ ਤੱਕ ਚੱਲੇਗੀ ਪਰ ਜੇਕਰ ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਤਾਂ ਹੜਤਾਲ ਅੱਗੇ ਵੀ ਜਾਰੀ ਰਹੇਗੀ। ਹੜਤਾਲ ਕਾਰਨ ਅਦਾਲਤਾਂ ਦਾ ਕੰਮ ਠੱਪ ਹੋ ਕੇ ਰਹਿ ਜਾਵੇਗਾ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਮੂਹ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਣਗੇ ਅਤੇ ਇਸ ਦਾ ਹੱਲ ਕੀਤਾ ਜਾਵੇਗਾ। 


Manoj

Content Editor

Related News