''ਬੈਂਕਾਂ'' ''ਚ ਸਟਾਫ਼ ਨਾਲ ਬਦਸਲੂਕੀ ਜਾਂ ਵੀਡੀਓਗ੍ਰਾਫ਼ੀ ਕਰਨ ਵਾਲਿਆਂ ਦੀ ਖੈਰ ਨਹੀਂ
Thursday, Aug 13, 2020 - 10:29 AM (IST)
ਪਟਿਆਲਾ (ਬਲਜਿੰਦਰ, ਪਰਮੀਤ) : ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਅਫ਼ਸਰ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਗਾਹਕ ਬੈਂਕ 'ਚ ਆ ਕੇ ਵੀਡੀਓਗ੍ਰਾਫੀ ਕਰਦਾ ਹੈ ਜਾਂ ਸਟਾਫ਼ ਨਾਲ ਬਦਸਲੂਕੀ ਕਰਦਾ ਹੈ ਤਾਂ ਉਸ ਦੇ ਖਿਲਾਫ਼ ਫ਼ੌਜਦਾਰੀ ਮੁਕੱਦਮਾ ਦਰਜ ਹੋ ਸਕਦਾ ਹੈ। ਇਥੇ ਪਟਿਆਲਾ ਮੀਡੀਆ ਕਲੱਬ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪੰਜਾਬ ਦੇ ਸਹਾਇਕ ਜਨਰਲ ਸਕੱਤਰ ਸਤੀਸ਼ ਕੁਮਾਰ ਅਤੇ ਪਟਿਆਲਾ ਸਰਕਲ ਦੇ ਪ੍ਰਧਾਨ ਮਹੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਗਾਹਕ ਬੈਂਕ ਦੇ ਅੰਦਰ ਆਪਣੇ ਮੋਬਾਇਲ ਫੋਨਾਂ ਰਾਹੀਂ ਵੀਡੀਓਗ੍ਰਾਫੀ ਕਰਨ ਲੱਗ ਜਾਂਦੇ ਹਨ, ਜੋ ਕਿ ਕਾਨੂੰਨੀ ਅਪਰਾਧ ਹੈ।
ਉਨ੍ਹਾਂ ਕਿਹਾ ਕਿ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਇਸ ਗੱਲ ਦੀ ਵਿਵਸਥਾ ਹੈ ਕਿ ਜੇਕਰ ਅਜਿਹੇ ਗਾਹਕ, ਜੋ ਕਿ ਇਸ ਤਰੀਕੇ ਵੀਡੀਓਗ੍ਰਾਫੀ ਕਰਨ ਜਾਂ ਫਿਰ ਤਸਵੀਰਾਂ ਖਿੱਚਣ ਦੀ ਕਾਰਵਾਈ 'ਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਖਿਲਾਫ਼ ਧਾਰਾ-332 ਅਤੇ 352 ਆਈ. ਪੀ. ਸੀ. ਤਹਿਤ ਫ਼ੌਜਦਾਰੀ ਮੁਕੱਦਮੇ ਦਰਜ ਹੋਣਗੇ। ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਅਜਿਹੇ ਗਾਹਕਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਸਟਾਫ਼ ਨਾਲ ਬਦਸਲੂਕੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੀ ਵੀਡੀਓਗ੍ਰਾਫੀ ਜਾਂ ਤਸਵੀਰਾਂ ਖਿੱਚਣਾ ਹੀ ਕਈ ਕੇਸਾਂ 'ਚ ਲੁੱਟ ਦਾ ਕਾਰਨ ਬਣੇ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ 'ਚ ਬੈਂਕ ਸਟਾਫ਼ ਸਰਕਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਸਿਰਫ਼ ਸੀਮਤ ਸਟਾਫ਼ ਨਾਲ ਗਾਹਕਾਂ ਦੀ ਸੇਵਾ ਕਰ ਰਹੇ ਹਨ, ਜਦਕਿ ਗਾਹਕਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਬੈਂਕ 'ਚ ਤਾਂ ਸਟਾਫ਼ ਸਿਰਫ 10 ਫ਼ੀਸਦੀ ਹੀ ਹੁੰਦਾ ਹੈ, ਜਦਕਿ ਗਾਹਕ ਆਮ ਵਾਂਗ ਹੁੰਦੇ ਹਨ, ਅਜਿਹੇ 'ਚ ਸੇਵਾਵਾਂ ਦੇਣ 'ਚ ਕੁਝ ਸਮੇਂ ਦੀ ਦੇਰੀ ਹੋਣ ’ਤੇ ਗਾਹਕ ਰੌਲਾ ਪਾ ਲੈਂਦੇ ਹਨ ਤੇ ਬਦਸਲੂਕੀ ਕਰਦੇ ਹਨ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਮਾਰੀ ਦੇ ਇਸ ਦੌਰ 'ਚ ਆਫ਼ਤ ਦਾ ਸਾਹਮਣਾ ਕਰਨ ਲਈ ਬੈਂਕ ਮੁਲਾਜ਼ਮਾਂ ਨਾਲ ਸਹਿਯੋਗ ਕੀਤਾ ਜਾਵੇ ਅਤੇ ਅਜਿਹੀ ਕਿਸੇ ਵੀ ਗਤੀਵਿਧੀ 'ਚ ਸ਼ਾਮਲ ਹੋਣ ਤੋਂ ਗੁਰੇਜ਼ ਕੀਤਾ ਜਾਵੇ, ਜੋ ਗੈਰ ਕਾਨੂੰਨੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਹਿਯੋਗ ਕਰਨ ਦੀ ਥਾਂ ਅਜਿਹੀ ਗਤੀਵਿਧੀ 'ਚ ਸ਼ਾਮਲ ਪਾਇਆ ਗਿਆ ਤਾਂ ਫਿਰ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।