ਬੈਂਕਾਂ ਦੀ ਤਰਜ਼ ''ਤੇ ਹੁਣ ਡਾਕਘਰ ਤੋਂ ਵੀ ਹੋ ਸਕੇਗਾ ਬੈਂਕ ਖਾਤਾ ਅਪਡੇਟ

Wednesday, Sep 27, 2017 - 10:47 AM (IST)

ਲੁਧਿਆਣਾ (ਸਲੂਜਾ) : ਹਰ ਵਰਗ ਦੇ ਲੋਕਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਡਾਕ ਵਿਭਾਗ ਵਲੋਂ 'ਖੁਸ਼ੀਆਂ ਦਾ ਖਾਤਾ' ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਨੂੰ ਲਾਂਚ ਚੀਫ ਪੋਸਟ ਮਾਸਟਰ ਸਲੀਮ ਹੱਕ ਪੰਜਾਬ ਐਂਡ ਚੰਡੀਗੜ੍ਹ ਨੇ ਕੀਤਾ ਹੈ।ਇਸ ਮੁਹਿੰਮ ਦੇ ਤਹਿਤ ਬੈਂਕਾਂ ਦੀ ਤਰਜ਼ 'ਤੇ ਹੁਣ ਤੁਸੀਂ ਡਾਕਘਰ ਤੋਂ ਵੀ ਆਪਣਾ ਬੈਂਕ ਖਾਤਾ ਆਪਰੇਟ ਕਰ ਸਕਦੇ ਹੋ। ਇਸ ਵਿਸ਼ੇਸ਼ ਡਰਾਈਵ ਦੇ ਅਧੀਨ ਬੱਚਤ ਖਾਤਾ, ਸੁਕੰਨਿਆ ਸਮਰਿਧੀ ਖਾਤਾ, ਆਰ.ਡੀ. ਅਤੇ ਪੀ.ਪੀ.ਐੱਫ. ਖਾਤੇ ਨਗਰੀ ਦੇ ਅਲੱਗ-ਅਲੱਗ ਪੋਸਟ ਆਫਿਸਾਂ 'ਚ ਖੁਲ੍ਹਵਾਏ ਜਾ ਸਕਦੇ ਹਨ। ਇਹ ਅਹਿਮ ਜਾਣਕਾਰੀ ਅੱਜ ਸ਼ਾਮੀਂ ਦਿੰਦੇ ਹੋਏ ਪੋਸਟ ਆਫਿਸ ਲੁਧਿਆਣਾ ਸਿਟੀ ਡਵੀਜ਼ਨ ਦੇ ਸੀਨੀਅਰ ਸੁਪਰਡੈਂਟ ਐੱਸ. ਪੀ. ਪਾਹਵਾ ਨੇ ਦੱਸਿਆ ਕਿ ਇਸ ਦੇ ਲਈ ਬਕਾਇਦਾ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਾਲ ਹੀ ਵਿਸ਼ੇਸ਼ ਕੈਂਪਾਂ ਦਾ ਵੀ ਪੋਸਟ ਆਫਿਸ ਸਮੇਤ ਅਲੱਗ-ਅਲੱਗ ਇਲਾਕਿਆਂ 'ਚ ਆਯੋਜਨ ਕਰਨ ਜਾ ਰਹੇ ਹਨ। ਪਾਹਵਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਕੀਮ ਦੇ ਤਹਿਤ ਸੁਕੰਨਿਆ ਸਮਰਿਧੀ ਖਾਤਾ 10 ਸਾਲ ਤੋਂ ਘੱਟ ਉਮਰ ਦੀ ਲੜਕੀ ਦਾ ਵੀ ਖੋਲ੍ਹਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਇਕ ਮਕਸਦ ਇਹ ਹੈ ਕਿ ਜੋ ਲੋਕ ਕਿਸੇ ਨਾ ਕਿਸੇ ਵਜ੍ਹਾ ਨਾਲ ਬੈਂਕ ਨਹੀਂ ਜਾ ਸਕਦੇ ਜਾਂ ਫਿਰ ਬੈਂਕ ਦੇ ਸਿਸਟਮ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਉਨ੍ਹਾਂ ਨੂੰ ਇਸ ਮੁਹਿੰਮ ਦੇ ਤਹਿਤ ਜੋੜਨਾ ਹੈ। 
ਸੀਨੀਅਰ ਸੁਪਰਡੈਂਟ ਐੱਸ. ਪੀ. ਪਾਹਵਾ ਨੇ ਦੱਸਿਆ ਕਿ ਵਿਭਾਗ ਨੇ ਅਲੱਗ-ਅਲੱਗ ਸ਼੍ਰ੍ਰੇਣੀਆਂ ਨਾਲ ਸੰਬੰਧਿਤ ਲੋਕਾਂ ਲਈ 50 ਹਜ਼ਾਰ ਖਾਤੇ ਖੋਲ੍ਹਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਪਭੋਗਤਾ ਨੂੰ ਆਪਣਾ ਬੈਂਕ ਖਾਤਾ ਆਪਰੇਟ ਕਰਨ ਲਈ ਏ.ਟੀ.ਐੱਮ ਕਾਰਡ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਏ.ਟੀ.ਐੱਮ. ਕਾਰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਇਸਤੇਮਾਲ ਤੁਸੀਂ ਦੇਸ਼ ਭਰ 'ਚ ਕਿਸੇ ਵੀ ਬੈਂਕ ਦੇ ਏ. ਟੀ. ਐੱਮ. 'ਤੇ ਜਾ ਕੇ ਆਸਾਨੀ ਨਾਲ ਕਰ ਸਕੋਗੇ। ਡਾਕਘਰ 'ਚ ਸਥਾਪਿਤ ਏ.ਟੀ.ਐੱਮ. ਦਾ ਇਸਤੇਮਾਲ ਆਪ ਜਿੰਨੀ ਵਾਰ ਮਰਜ਼ੀ  ਕਰੋ, ਤੁਹਾਡੇ ਤੋਂ ਕੋਈ ਜ਼ਿਆਦਾ ਚਾਰਜ ਨਹੀਂ ਵਸੂਲਿਆ ਜਾਵੇਗਾ।
 


Related News