ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਪੰਥਕ ਜਥੇਬੰਦੀਆਂ ਤੋਂ ਬਾਅਦ ਬੰਦੀ ਸਿੰਘਾਂ ਦੀ ਫੁੱਟ ਵੀ ਹੋਈ ਜਗ-ਜ਼ਾਹਰ

06/18/2022 4:57:28 PM

ਲੁਧਿਆਣਾ ( ਹਿਤੇਸ਼ ) : ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਪੰਥਕ ਜਥੇਬੰਦੀਆਂ ਤੋਂ ਬਾਅਦ ਬੰਦੀ ਸਿੰਘਾਂ ਦੀ ਫੁੱਟ ਵੀ ਜਗ ਜ਼ਾਹਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਸਾਰੀਆਂ ਪੰਥਕ ਜਥੇਬੰਦੀਆਂ ਇਕ ਮੰਚ 'ਤੇ ਇਕੱਠੀਆਂ ਹੋਈਆਂ ਤਾਂ ਕੁਝ ਦਿਨਾਂ ਬਾਅਦ ਸੰਗਰੂਰ ਲੋਕ ਸਭਾ ਸੀਟ ਲਈ ਉਪ ਚੋਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀ ਨੇ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਦੇਣ ਦੀ ਵਕਾਲਤ ਕੀਤੀ ਪਰ ਅਕਾਲੀ ਦਲ ਵੱਲੋਂ ਗਠਿਤ ਕਮੇਟੀ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਆਪ ਨੂੰ ਉਮੀਦਵਾਰ ਐਲਾਨ ਦਿੱਤਾ। ਇਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਗਿਆ। ਹਾਲਾਂਕਿ ਰਾਜੋਆਣਾ ਅਤੇ ਸੁਖਬੀਰ ਬਾਦਲ ਨੇ ਸਿਮਰਨਜੀਤ ਮਾਨ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਅਪੀਲ ਕੀਤੀ ਪਰ ਮਾਨ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਸੰਗਠਨ ਸਕੱਤਰ ਬਲਿਆਲ ਨੂੰ ਉਗਰਾਹਾਂ ਜਥੇਬੰਦੀ 'ਚੋਂ ਕੀਤਾ ਬਾਹਰ

ਹੁਣ ਸੁਖਬੀਰ ਬਾਦਲ ਅਤੇ ਸਿਮਰਨਜੀਤ ਮਾਨ ਇਕ-ਦੂਜੇ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਹੈ ਤਾਂ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਸਿਮਰਨਜੀਤ ਮਾਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਬੰਦੀ ਸਿੰਘਾਂ ਦੀ ਫੁੱਟ ਜਗ ਜ਼ਾਹਰ ਹੋ ਗਈ ਹੈ।  ਜਿਥੋਂ ਤੱਕ ਢੀਂਡਸਾ ਪਰਿਵਾਰ ਦਾ ਸਵਾਲ ਹੈ, ਉਹ ਸੰਗਰੂਰ ਸੀਟ 'ਤੇ ਭਾਜਪਾ ਉਮੀਦਵਾਰ ਦੀ ਖੁੱਲ੍ਹ ਕੇ ਹਮਾਇਤ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਜਾਣਬੁੱਝ ਕੇ ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਕਰ ਰਹੀ ਹੈ ਪਰੇਸ਼ਾਨ : ਸੁਖਜਿੰਦਰ ਰੰਧਾਵਾ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸੁਖਬੀਰ ਬਾਦਲ ਨੇ ਖੁਦ ਇਸ ਮੁਹਿੰਮ ਦੀ ਅਗਵਾਈ ਕੀਤੀ ਹੈ, ਜੋ ਮੁੱਖ ਤੌਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਵੋਟਾਂ ਮੰਗ ਰਹੇ ਹਨ। ਜਿਸ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਕਿਹਾ ਸੀ ਕਿ ਜੇਕਰ ਰਾਜੋਆਣਾ ਦੀ ਭੈਣ ਨੂੰ ਐੱਮ.ਪੀ ਬਣਨ ਤੋਂ ਬਾਅਦ ਰਿਹਾਅ ਕਰਵਾਇਆ ਜਾ ਸਕਦਾ ਹੈ ਤਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਇਸ ਸਮੇਂ ਐਮ.ਪੀ ਹਨ, ਉਹ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕਰਵਾਉਂਦੇ, ਹਾਲਾਂਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਬਹੁਤਾ ਬੋਲਣ ਤੋਂ ਬਚਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Anuradha

Content Editor

Related News