ਬੰਦੀ ਸਿੰਘਾਂ ਦੀ ਰਿਹਾਈ ਲਈ ਨਿਕਲੇ ਮਾਰਚ ਨੂੰ ਪੁਲਸ ਨੇ ਚੰਡੀਗੜ੍ਹ ''ਚ ਦਾਖ਼ਲ ਹੋਣ ਤੋਂ ਰੋਕਿਆ
Wednesday, Jan 12, 2022 - 12:59 PM (IST)
ਮੋਹਾਲੀ (ਨਿਆਮੀਆਂ) : ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਬੰਦੀ ਸਿੰਘ ਮਾਰਚ ਮੋਹਾਲੀ ਵਿਖੇ ਪੁੱਜਿਆ। ਇਸ ਮਾਰਚ ਨੂੰ ਚੰਡੀਗੜ੍ਹ ਦੀ ਹੱਦ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਸ ਨੇ ਰੋਕ ਲਿਆ। ਵੱਡੀ ਗਿਣਤੀ ਵਿੱਚ ਬੱਸਾਂ, ਕਾਰਾਂ, ਟਰੈਕਟਰਾਂ ਅਤੇ ਮੋਟਰਸਾਈਕਲ 'ਤੇ ਸਵਾਰ ਲੋਕਾਂ ਵੱਲੋਂ ਇਸ ਬੰਦੀ ਸਿੰਘ ਮਾਰਚ 'ਚ ਹਿੱਸਾ ਲਿਆ ਗਿਆ। ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਵੀ ਇਸ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ।
ਮਾਰਚ ਵਿੱਚ ਸ਼ਾਮਲ ਗੁਰਚਰਨ ਸਿੰਘ ਅਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਸਤਵੰਤ ਸਿੰਘ ਲੁਧਿਆਣਾ, ਐਡਵੋਕੇਟ ਅਮਰ ਸਿੰਘ ਚਾਹਿਲ, ਐਡਵੋਕੇਟ ਦਿਲਸ਼ੇਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਭਾਈ ਬਲਬੀਰ ਸਿੰਘ ਹਿਸਾਰ, ਭਾਈ ਜਸਵੰਤ ਸਿੰਘ ਸਿੱਧੂਪੁਰ, ਭਾਈ ਹਰਪ੍ਰੀਤ ਸਿੰਘ ਰਾਣਾ, ਭਾਈ ਰਾਜਨਦੀਪ ਸਿੰਘ, ਭਾਈ ਮਹਾ ਸਿੰਘ ਅਤੇ ਹੋਰ ਆਗੂ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਸਜ਼ਾ ਪੂਰੀ ਕਰ ਚੁੱਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੱਥੇ. ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਖੈੜਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਆਦਿ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਕੀਤੀ ਗਈ। ਚੰਡੀਗੜ੍ਹ ਪੁਲਸ ਵੱਲੋਂ 5 ਵਿਅਕਤੀਆਂ ਨੂੰ ਲਿਜਾ ਕੇ ਰਾਜਪਾਲ ਨੂੰ ਮਿਲਾਇਆ ਗਿਆ ਤਾਂ ਅਤੇ ਧਰਨਾ ਖ਼ਤਮ ਕਰਵਾਇਆ ਗਿਆ।