ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁੱਲੇ, ਦਾਅ ’ਤੇ ਲੱਗੀ ਸਾਖ

Wednesday, Jun 01, 2022 - 10:34 PM (IST)

ਚੰਡੀਗੜ੍ਹ (ਰਮਨਜੀਤ) : ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਗੈਂਗ ਵਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਉਸ ਤੋਂ ਬਾਅਦ ਇਸ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਵਲੋਂ ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇਣ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁੱਲ ਗਏ ਹਨ। ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਕੋਈ ਵੱਡੀ ਕਾਮਯਾਬੀ ਹੱਥ ਨਾ ਲੱਗਣ ਦੇ ਨਾਲ ਹੀ ਇਸ ਧਮਕੀ ਕਾਰਨ ਪੰਜਾਬ ਪੁਲਸ ਦੀ ਸਾਖ ਦਾਅ ’ਤੇ ਲੱਗ ਗਈ ਹੈ। ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਧਮਕੀ ਦਾ ਪਤਾ ਚੱਲਣ ਤੋਂ ਬਾਅਦ ਮਨਕੀਰਤ ਔਲਖ ਵਲੋਂ ਵੀ ਪੰਜਾਬ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ

PunjabKesari

ਪੰਜਾਬ ਪੁਲਸ ਇਸ ਘਟਨਾ ਤੋਂ ਬਾਅਦ ਚੌਕਸੀ ਵਧਾ ਚੁੱਕੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਗੈਂਗਵਾਰ ਹੋਣ ਦੀ ਸੰਭਾਵਨਾ ਬਣ ਰਹੀ ਹੈ। ਧਿਆਨ ’ਚ ਰਹੇ ਕਿ ਪਿਛਲੇ ਤਕਰੀਬਨ 10 ਸਾਲਾਂ ਦੌਰਾਨ ਕਈ ਗੈਂਗਸਟਰ ਇਕ-ਦੂਜੇ ਗੁਟਾਂ ਦੀ ਲੜਾਈ ਦੌਰਾਨ ਮਾਰੇ ਗਏ ਸਨ। ਇਹ ਉਹ ਹੱਤਿਆਵਾਂ ਸਨ, ਜੋ ਕਿ ਇਕ-ਦੂਜੇ ਗੁਟ ਤੋਂ ਬਦਲਾ ਲੈਣ ਲਈ ਹੁੰਦੀਆਂ ਰਹੀਆਂ ਸਨ, ਜਿਨ੍ਹਾਂ ਵਿਚ ਦਵਿੰਦਰ ਬੰਬੀਹਾ, ਸ਼ੇਰਾ ਖੁੱਭਣ, ਜਸਵਿੰਦਰ ਰੌਕੀ, ਲਵੀ ਦਿਓੜਾ, ਰਣਜੀਤ ਰਾਣਾ, ਗੁਰਲਾਲ ਬਰਾੜ, ਗੁਰਲਾਲ ਪਹਿਲਵਾਨ ਵਰਗੇ ਕਈ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਨੌਜਵਾਨ ਪੁੱਤ ਦੀ ਮੌਤ ਨਾਲ ਟੁੱਟ ਕੇ ਚੂਰ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਤਿਮ ਯਾਤਰਾ ’ਚ ਉਤਾਰ ਦਿੱਤੀ ਪੱਗ

PunjabKesari

ਉਤਰਾਖੰਡ ਤੋਂ ਕੀਤਾ ਗਿਆ ਇਕ ਨੂੰ ਕਾਬੂ
ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਪੁਲਸ ਦੀ ਟੀਮ ਨੇ ਉਤਰਾਖੰਡ ਤੋਂ ਮਨਪ੍ਰੀਤ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਅਤੇ ਉਸ ਨੂੰ ਪੁਲਸ ਰਿਮਾਂਡ ’ਤੇ ਲੈ ਲਿਆ ਗਿਆ ਹੈ। ਉਸ ਦਾ ਸਬੰਧ ਹਮਲਾਵਰਾਂ ਵਲੋਂ ਇਸਤੇਮਾਲ ਕੀਤੀਆਂ ਗੱਡੀਆਂ ਦੇ ਨਾਲ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਕਰਨ ਲਈ ਵੀ ਪੰਜਾਬ ਪੁਲਸ ਵਲੋਂ ਕੋਈ ਪੁਖਤਾ ਸੂਚਨਾ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ। ਉਧਰ, ਪੰਜਾਬ ਪੁਲਸ ਦੀ ਇਕ ਟੀਮ ਦਿੱਲੀ ਪੁਲਸ ਦੇ ਨਾਲ ਮਿਲ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੋਣ ਵਾਲੀ ਪੁੱਛਗਿਛ ਵਿਚ ਸ਼ਾਮਲ ਹੋਣ ਲਈ ਦਿੱਲੀ ਵਿਚ ਮੌਜੂਦ ਹੈ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਦਿੱਲੀ ਦੇ ਗੈਂਗਸਟਰਾਂ ਜਠੇੜੀ, ਰਾਣਾ ਅਤੇ ਸ਼ਾਹਰੁਖ ਦੇ ਇਰਦ-ਗਿਰਦ ਘੁੰਮ ਰਹੀ ਕਹਾਣੀ ਦੇ ਤਾਰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਕਿ ਹਮਲੇ ਲਈ ਤਿਆਰ ਕੀਤੇ ਗਏ ਪਲਾਨ ਅਤੇ ਉਸ ਨੂੰ ਅੰਜਾਮ ਤਕ ਪਹੁੰਚਾਉਣ ਵਿਚ ਸ਼ਾਮਲ ਹੋਏ ਲੋਕਾਂ ਦੀ ਤਸਵੀਰ ਸਾਫ਼ ਹੋ ਸਕੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਦਮੇ ’ਚ 17 ਸਾਲਾ ਮੁੰਡੇ ਨੇ ਪੀਤਾ ਜ਼ਹਿਰ

PunjabKesari

ਕੈਪਟਨ ਸਰਕਾਰ ਦੇ ਸਮੇਂ ਓ. ਸੀ. ਸੀ. ਯੂ. ਨੇ ਫੜ੍ਹੇ ਸਨ 33 ਵੱਡੇ ਗੈਂਗਸਟਰ
ਧਿਆਨ ਰਹੇ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਤਤਕਾਲੀ ਡੀ. ਜੀ. ਪੀ. ਦਿਨਕਰ ਗੁਪਤਾ ਦੀ ਅਗਵਾਈ ਵਿਚ ਪੰਜਾਬ ਪੁਲਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵਲੋਂ ਬਿਹਤਰੀਨ ਕੰਮ ਕਰਦਿਆਂ ਕਈ ਵੱਡੇ ਗੈਂਗਸਟਰਾਂ ਨੂੰ ਜਾਂ ਤਾਂ ਮਾਰ ਮੁਕਾਇਆ ਸੀ ਜਾਂ ਜੇਲਾਂ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਗਿਆ ਸੀ। ਮਾਰੇ ਗਏ ਵੱਡੇ ਗੈਂਗਸਟਰਾਂ ਦੀ ਸੂਚੀ ਵਿਚ ਵਿੱਕੀ ਗੌਂਡਰ, ਜੈਪਾਲ ਭੁੱਲਰ ਅਤੇ ਪ੍ਰੇਮਾ ਲਾਹੌਰੀਆ ਦੇ ਨਾਂ ਸ਼ਾਮਲ ਰਹੇ। ਉਥੇ ਹੀ ਏ ਅਤੇ ਬੀ ਕੈਟੇਗਰੀ ਦੇ 33 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਅਣਗਿਣਤ ਕਤਲ ਅਤੇ ਫਿਰੌਤੀ ਦੇ ਕੇਸਾਂ ਨੂੰ ਹੱਲ ਕੀਤਾ ਗਿਆ ਸੀ। ਓ. ਸੀ. ਸੀ. ਯੂ. ਯੂਨਿਟ ਵਲੋਂ ਚਲਾਏ ਗਏ ਐਨਕਾਉਂਟਰ ਅਭਿਆਨ ਤੋਂ ਬਾਅਦ ਜ਼ਿਆਦਾਤਰ ਗੈਂਗਸਟਰ ਪੰਜਾਬ ਛੱਡ ਕੇ ਹੋਰ ਸੂਬਿਆਂ ਵਿਚ ਸ਼ਰਨ ਲੈਣ ਲਈ ਮਜਬੂਰ ਹੋਏ ਸਨ ਅਤੇ ਕੁਝ ਗੈਂਗਸਟਰ ਫਰਜ਼ੀ ਨਾਵਾਂ ’ਤੇ ਵਿਦੇਸ਼ਾਂ ਵਿਚ ਭੱਜਣ ਵਿਚ ਵੀ ਸਫ਼ਲ ਰਹੇ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਵੱਡੀ ਖ਼ਬਰ, 7 ਸ਼ੱਕੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ

PunjabKesari

ਸੁਖਪ੍ਰੀਤ ਬੁੱਢਾ ਵਾਂਗ ਬਾਕੀ ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਲਿਆਉਣ ਦਾ ਹੋਵੇਗਾ ਯਤਨ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਹਾਈਪ੍ਰੋਫਾਈਲ ਹੱਤਿਆ ਹੋਣ ਤੋਂ ਬਾਅਦ ਹੁਣ ਇਕ ਵਾਰ ਫਿਰ ਪੰਜਾਬ ਪੁਲਸ ਆਪਣਾ ਪੂਰਾ ਜ਼ੋਰ ਲਾ ਕੇ ਅਰਮੇਨੀਆ ਵਿਚ ਬੈਠੇ ਬੰਬੀਹਾ ਗਰੁੱਪ ਦੇ ਲੱਕੀ ਪਟਿਆਲ ਅਤੇ ਕੈਨੇਡਾ ਵਿਚ ਰਹਿ ਰਹੇ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰੇਗੀ। 2018 ਵਿਚ ਇੰਝ ਹੀ ਯਤਨ ਤਹਿਤ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਵਾ ਕੇ ਅਰਮੇਨੀਆ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਐਕਸ਼ਨ, ਜਾਰੀ ਕੀਤਾ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News