ਡਾ. ਬਲਜੀਤ ਕੌਰ ਦੀਆਂ ਕੋਸ਼ਿਸ਼ਾਂ ਨਾਲ ਲੱਖੇਵਾਲੀ ਵਿਚ ਵੱਡੀ ਦਾਣਾ ਮੰਡੀ ਦੀ ਉਸਾਰੀ ਦਾ ਰਾਹ ਹੋਇਆ ਸਾਫ

Wednesday, Mar 19, 2025 - 05:36 PM (IST)

ਡਾ. ਬਲਜੀਤ ਕੌਰ ਦੀਆਂ ਕੋਸ਼ਿਸ਼ਾਂ ਨਾਲ ਲੱਖੇਵਾਲੀ ਵਿਚ ਵੱਡੀ ਦਾਣਾ ਮੰਡੀ ਦੀ ਉਸਾਰੀ ਦਾ ਰਾਹ ਹੋਇਆ ਸਾਫ

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਤੇ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੋਰ ਦੀ ਕੋਸ਼ਿਸ਼ਾਂ ਨਾਲ ਉਨ੍ਹਾਂ ਦੇ ਹਲਕੇ ਦੀ ਲੱਖੇਵਾਲੀ ਜ਼ੈਲ ਦੇ ਪਿੰਡਾਂ ਦੀ ਇਕ ਵੱਡੀ ਮੰਗ ਨੂੰ ਬੂਰ ਪਿਆ ਹੈ। ਲੱਖੇਵਾਲੀ ਵਿਚ ਬਣੀ ਅਨਾਜ ਮੰਡੀ ਨੂੰ ਵਿਸਥਾਰ ਦਿੱਤਾ ਜਾਵੇਗਾ ਜਿਸ ਨਾਲ ਆਸਪਾਸ ਦੇ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਿਚ ਸੌਖ ਹੋਵੇਗੀ ਅਤੇ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਪਹਿਲਾਂ ਇਹ ਮੰਡੀ ਬਹੁਤ ਛੋਟੀ ਸੀ ਪਰ ਹੁਣ ਲੱਖੇਵਾਲੀ ਪਿੰਡ ਦੀ ਗਰਾਮ ਪੰਚਾਇਤ ਨੇ ਆਪਣੀ 5 ਕਨਾਲ 8 ਮਰਲੇ ਸ਼ਾਮਲਾਤ ਜਮੀਨ ਪੰਜਾਬ ਮੰਡੀ ਬੋਰਡ ਨੂੰ ਨਵੀਂ ਦਾਣਾ ਮੰਡੀ ਦੇ ਫੜ ਦੀ ਚੌੜਾਈ ਵਧਾਉਣ ਅਤੇ ਉਸਾਰੀ ਲਈ ਦਾਨ ਵਜੋਂ ਦੇਣ ਦਾ ਫੈਸਲਾ ਲਿਆ ਹੈ।

ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਨੂੰ ਲਿਖੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਦਾਣਾ ਮੰਡੀ ਦੀ ਬਣਤਰ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਗਰਾਮ ਪੰਚਾਇਤ ਦੀ ਜ਼ਮੀਨ ਪੰਜਾਬ ਮੰਡੀ ਬੋਰਡ ਨੂੰ ਦਾਨ ਕਰਨ ਦੀ ਮੰਗ ਕੀਤੀ ਗਈ ਸੀ। ਡਾ. ਬਲਜੀਤ ਕੌਰ ਨੇ ਇਸ ਪ੍ਰੋਜੈਕਟ ਨੂੰ ਸਰਕਾਰ ਦੇ ਪੱਧਰ ‘ਤੇ ਉਚਿਤ ਮਨਜ਼ੂਰੀ ਦਿਵਾਉਣ ਲਈ ਵਿਸ਼ੇਸ਼ ਯਤਨ ਕੀਤੇ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿਲੇਜ਼ ਕਾਮਨ ਲੈਂਡਜ਼ (ਰੈਗੂਲੇਸ਼ਨ) ਪਹਿਲੀ ਸੋਧ ਰੂਲਜ਼ 2010 ਦੇ ਰੂਲ 13(ਸੀ) ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਤਜ਼ਵੀਜ਼ ਨੂੰ ਮਨਜ਼ੂਰੀ ਦਿੱਤੀ ਹੈ।

ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼, ਆਈ.ਏ.ਐਸ. ਵੱਲੋਂ ਸਰਕਾਰੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਕਤ ਜ਼ਮੀਨ ਦੀ ਮੰਡੀ ਦੇ ਫੜ ਵਿਚ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਨਵੀਂ ਦਾਣਾ ਮੰਡੀ ਦੀ ਉਸਾਰੀ ਨਾਲ ਕਿਸਾਨਾਂ, ਆੜਤੀਆਂ ਅਤੇ ਖੇਤੀਬਾੜੀ ਨਾਲ ਸਬੰਧਤ ਵਪਾਰੀਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ, ਜਿਸ ਨਾਲ ਖੇਤੀਬਾੜੀ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਪਿੰਡ ਵਾਸੀਆਂ, ਗ੍ਰਾਂਮ ਪੰਚਾਇਤ ਅਤੇ ਪੰਜਾਬ ਮੰਡੀ ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਹੱਤਵਪੂਰਨ ਫੈਸਲਾ ਖੇਤੀਬਾੜੀ ਖੇਤਰ ਦੀ ਤਰੱਕੀ ਵਿਚ ਮੀਲ ਪੱਥਰ ਸਾਬਤ ਹੋਵੇਗਾ।


author

Gurminder Singh

Content Editor

Related News