ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ "ਆਰੰਭ" ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

Thursday, Aug 22, 2024 - 06:00 PM (IST)

ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ "ਆਰੰਭ" ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਵਿਚ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ.ਸ਼੍ਰੀਵਾਸਤਵਾ ਅਤੇ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਵੱਲੋਂ ਬੱਚਿਆਂ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ‘ਆਰੰਭ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।  ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਆਰੰਭ' ਪ੍ਰੋਗਰਾਮ ਬੱਚਿਆਂ ਦੀ ਮੁੱਢਲੀ ਸਿੱਖਿਆ ਲਈ ਮਾਪਿਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਕੇ ਆਂਗਣਵਾੜੀਆਂ ਵਿਚ ਜਾਣ ਵਾਲੇ ਛੋਟੇ ਬੱਚਿਆਂ ਦੇ ਸੰਪੂਰਨ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗਾ ਅਤੇ ਨਾਲ ਹੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਪ੍ਰਦਾਨ ਕਰਕੇ ਆਂਗਨਵਾੜੀਆਂ ਦੇ ਪੱਧਰ ਨੂੰ ਉੱਚਾ ਚੁੱਕੇਗਾ। ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ 'ਆਰੰਭ' ਰਾਸ਼ਟਰੀ ਸਿੱਖਿਆ ਪ੍ਰੋਗਰਾਮ 2020 ਦੇ ਮੁੱਖ ਸਿਧਾਂਤਾਂ 'ਤੇ ਆਧਾਰਿਤ ਹੈ, ਜੋ ਕਿ ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ, ਐੱਨ.ਆਈ.ਪੀ.ਸੀ.ਸੀ.ਡੀ. ਦੁਆਰਾ ਸ਼ੁਰੂ ਕੀਤੇ ਗਏ ਆਧਾਰਸ਼ਿਲਾ ਅਤੇ ‘ਪੋਸ਼ਣ ਵੀ ਪੜ੍ਹਾਈ ਵੀ’ ਸਿਖਲਾਈ ਪਾਠਕ੍ਰਮ ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਨਾਲ ਮੇਲ ਖਾਂਦਾ ਹੈ।

ਉਨ੍ਹਾਂ ਦੱਸਿਆ ਕਿ ਰਾਕੇਟ ਲਰਨਿੰਗ ਇਕ ਸਮਾਜਿਕ ਉੱਦਮ ਹੈ ਜੋ "ਇਕ ਸਮਾਨ ਆਧਾਰ ਦਾ ਨਿਰਮਾਣ, ਮੁੱਢਲੀ ਅਵਸਥਾ" ਦੇ ਮਿਸ਼ਨ ਨਾਲ ਬੁਨਿਆਦੀ ਅਤੇ ਮੁੱਢਲੀ ਸਿੱਖਿਆ 'ਤੇ ਕੇਂਦ੍ਰਿਤ ਹੈ। ਰਾਕੇਟ ਲਰਨਿੰਗ 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਪ੍ਰਭਾਵਸ਼ਾਲੀ ਵਿੱਦਿਅਕ ਅਨੁਭਵ ਦੇਣ ਲਈ ਸਿੱਖਿਅਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮਰੱਥ ਬਣਾਉਣ ਲਈ ਨਵੀਨਤਾਕਾਰੀ ਰਣਨੀਤੀਆਂ ਅਤੇ ਤਕਨਾਲੋਜੀ ਦੀ ਵਰਤੋਂ ਕਰਦੀ ਹੈ। 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੁੱਢਲੀ ਸਿੱਖਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਦਿਮਾਗ ਦੇ ਵਿਕਾਸ ਅਤੇ ਬੋਧਾਤਮਕ ਵਿਕਾਸ 'ਤੇ ਮਹੱਤਵਪੂਰਣ ਪ੍ਰਭਾਵ ਪਾਉਂਦੀ ਹੈ।

ਮੰਤਰੀ ਨੇ ਦੱਸਿਆ ਕਿ ਬੱਚੇ ਦੇ ਦਿਮਾਗ ਦਾ 85% ਵਿਕਾਸ 6 ਸਾਲ ਦੀ ਉਮਰ ਤੱਕ ਹੁੰਦਾ ਹੈ। ਇਸ ਸੰਵੇਦਨਸ਼ੀਲ ਸਮੇਂ ਨੂੰ ਪਛਾਣਦਿਆਂ, ਰਾਕੇਟ ਲਰਨਿੰਗ, ਪੰਜਾਬ ਰਾਜ ਅਤੇ ਡਬਲਯੂ.ਸੀ.ਡੀ ਪ੍ਰਸ਼ਾਸਨ ਦੀ ਸਾਂਝੇਦਾਰੀ ਅਤੇ ਮਾਰਗਦਰਸ਼ਨ ਨਾਲ, 'ਆਰੰਭ' ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜੋ ਕਿ ਮਾਪਿਆਂ ਅਤੇ ਆਂਗਨਵਾੜੀਆਂ ਦੀ ਸਹਾਇਤਾ ਨਾਲ ਸੁਖਾਲਾ ਅਤੇ ਖੇਡ-ਆਧਾਰਿਤ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ 3-6 ਸਾਲ ਦੇ ਬੱਚਿਆਂ ਦੇ ਸੰਪੂਰਨ ਵਿਕਾਸ 'ਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ 'ਆਰੰਭ' ਮਾਪਿਆਂ ਦੀ ਰੁਝੇਵਿਆਂ ਦਰਮਿਆਨ ਇੱਛਾ, ਜਾਗਰੂਕਤਾ ਅਤੇ ਸਹੀ ਵਿਵਹਾਰ ਨੂੰ ਬਣਾਈ ਰੱਖਣ ਲਈ ਵਿਅਕਤੀਗਤ ਅਤੇ ਡਿਜੀਟਲ ਦਖਲ-ਅੰਦਾਜ਼ੀ ਵਾਲੀ ਹਾਈਬ੍ਰਿਡ (ਪੁਰਾਣੀ ਤੇ ਆਧੁਨਿਕ ਦਾ ਮਿਸ਼ਰਣ) ਪਹੁੰਚ ਦੀ ਵਰਤੋਂ ਕਰੇਗਾ। ਇਹ ਪਹਿਲਕਦਮੀ ਰਾਜ ਅਤੇ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਦੇ ਸਹਿਯੋਗ ਅਤੇ ਭਾਈਵਾਲੀ ਨਾਲ ਪੰਜਾਬ ਦੀਆਂ ਸਾਰੀਆਂ ਆਂਗਣਵਾੜੀਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ। 

ਮਾਪਿਆਂ ਅਤੇ ਸਿੱਖਿਅਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਰਾਜ ਦੇ ਪਾਠਕ੍ਰਮ ਨਾਲ ਜੋੜਿਆ ਜਾਵੇਗਾ, ਜੋ ਸਾਰੇ ਮਾਪਿਆਂ ਲਈ ਘਰ ਤੋਂ ਹੀ ਚਲਾਉਣ ਲਈ ਕਾਫ਼ੀ ਸਰਲ ਵਿਧੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬੋਧਾਤਮਕ, ਪੂਰਵ-ਸਾਖਰਤਾ, ਗਿਣਤੀ ਸਬੰਧੀ ਪੂਰਵ ਬੋਧ, ਸਮਾਜਿਕ-ਭਾਵਨਾਤਮਕ ਅਤੇ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਮੰਤਰੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਮਾਪਿਆਂ ਦਰਮਿਆਨ ਸਰਲ ਅਤੇ ਆਸਾਨ ਪਹੁੰਚ ਵਾਲੀ ਤਕਨਾਲੋਜੀ ਦੁਆਰਾ ਸਰਗਰਮ ਅਤੇ ਨਿਰੰਤਰ ਸ਼ਮੂਲੀਅਤ 'ਤੇ ਧਿਆਨ ਕੇਂਦ੍ਰਿਤ ਕਰਕੇ, ਇਸ ਪ੍ਰੋਗਰਾਮ ਦਾ ਉਦੇਸ਼ ਆਂਗਣਵਾੜੀ ਵਿੱਚ ਵਿਸ਼ਵਾਸ, ਮਾਪਿਆਂ ਦੇ ਵਿਵਹਾਰ ਦੇ ਨਾਲ-ਨਾਲ ਬੱਚਿਆਂ ਲਈ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ।


author

Gurminder Singh

Content Editor

Related News