'ਗੁਰੂ ਨਾਨਕ ਮੋਦੀਖਾਨੇ' ਵਾਲੇ ਬਲਜਿੰਦਰ ਜਿੰਦੂ ਲਈ ਖੜ੍ਹਾ ਹੋਇਆ ਨਵਾਂ ਪੰਗਾ (ਵੀਡੀਓ)
Friday, Aug 21, 2020 - 01:29 PM (IST)
ਲੁਧਿਆਣਾ (ਨਰਿੰਦਰ) : ਗੁਰੂ ਨਾਨਕ ਮੋਦੀਖਾਨੇ ਦੇ ਹਿਸਾਬ-ਕਿਤਾਬ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਬਲਜਿੰਦਰ ਸਿੰਘ ਜਿੰਦੂ ਲਈ ਇਕ ਨਵਾਂ ਪੰਗਾ ਖੜ੍ਹਾ ਹੋ ਗਿਆ ਹੈ। ਇਕ ਵੀਡੀਓ 'ਚ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਅਤੇ ਰਾਵਣ 'ਤੇ ਕੀਤੀ ਟਿੱਪਣੀ ਬਲਜਿੰਦਰ ਜਿੰਦੂ ਨੂੰ ਭਾਰੀ ਪੈ ਗਈ ਹੈ। ਇਸ ਦੇ ਲਈ ਸ਼ਿਵ ਸੈਨਾ ਪੰਜਾਬ ਵੱਲੋਂ ਬਲਜਿੰਦਰ ਸਿੰਘ ਖਿਲਾਫ਼ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿੰਦੂ 'ਤੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲੱਗਾ ਹੈ।
ਅਸਲ 'ਚ ਬਲਜਿੰਦਰ ਸਿੰਘ ਜਿੰਦੂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਰਾਵਣ ਨੂੰ ਸਿਰੜੀ ਦੱਸਿਆ ਗਿਆ ਸੀ। ਇਸ ਵੀਡੀਓ ਦੇ ਆਧਾਰ 'ਤੇ ਸ਼ਿਵ ਸੈਨਾ ਵੱਲੋਂ ਬਲਜਿੰਦਰ ਜਿੰਦੂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹਰ ਜ਼ਿਲ੍ਹੇ 'ਚ ਜਿੰਦੂ ਖਿਲਾਫ਼ ਕੇਸ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਬਾਰੇ ਥਾਣਾ ਡਵੀਜ਼ਨ ਨੰਬਰ-9 ਦੇ ਐਸ. ਐਚ. ਓ. ਇੰਸਪੈਕਟਰ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।