ਹਰਿਆਣਾ ਤੋਂ ਬਾਅਦ ਦਿੱਲੀ ਤੇ ਪੰਜਾਬ ਕਮੇਟੀਆਂ 'ਤੇ ਫਤਿਹ ਸਾਡਾ ਮੁੱਖ ਮਕਸਦ : ਭਾਈ ਦਾਦੂਵਾਲ

08/19/2020 2:09:59 PM

ਜਲੰਧਰ/ਸ੍ਰੀ ਅਨੰਦਪੁਰ ਸਾਹਿਬ— ਬੀਤੇ ਢਾਈ ਦਹਾਕਿਆਂ ਤੋਂ ਪੰਥਕ ਸਫਾ 'ਚ ਸਰਗਰਮ ਧਾਰਮਿਕ ਸ਼ਖਸੀਅਤ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪਿਛਲੇ ਦਿਨੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤਾ ਹੈ। ਭਾਈ ਦਾਦੂਵਾਲ ਲੰਬੇ ਅਰਸੇ ਤੋਂ ਪੰਥਕ ਸਿਧਾਂਤਾਂ ਦੇ ਹਿਤਾਂ 'ਤੇ ਡੇਰਾਵਾਦ ਵਿਰੁੱਧ ਲੜਾਈ 'ਚ ਮੂਹਰਲੀ ਕਤਾਰ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਝੰਡਾ ਚੁੱਕਦੇ ਰਹੇ ਹਨ ਅਤੇ ਸਰਕਾਰੀ ਅਤੇ ਕਾਨੂੰਨੀ ਹਾਲਾਤ ਦਾਸਾਹਮਣਾ ਕਰਦੇ ਰਹੇ ਹਨ।

ਉਨ੍ਹਾਂ ਦੀ ਇਸ ਨਿਯੁਕਤੀ ਨੂੰ ਭਵਿੱਖ ਦੀ ਪੰਥਕ ਰਾਜਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਕਿ ਵਰਤਮਾਨ 'ਚ ਭਵਿੱਖ ਦੀਆਂ ਲੀਹਾਂ ਤਹਿ ਕਰਨ 'ਚ ਕਿਤੇ ਨਾ ਕਿਤੇ ਸਮਰੱਥ ਭੂਮਿਕਾ ਦਾ ਆਧਾਰ ਮੰਨੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ 'ਜਗ ਬਾਣੀ' ਦੇ ਪਾਠਕਾਂ ਲਈ ਸਾਡੇ ਸ੍ਰੀ ਅਨੰਦਪੁਰ ਸਾਹਿਬ ਸਥਿਤ ਪ੍ਰਤੀਨਿਧੀ ਸ਼ਮਸ਼ੇਰ ਸਿੰਘ ਡੂਮੇਵਾਲ ਨੇ ਉਨ੍ਹਾਂ ਨਾਲ ਇਕ ਭਖਵੇਂ ਮੁੱਦਿਆਂ 'ਤੇ ਵਿਸ਼ੇਸ਼ ਇੰਟਰਵਿਊ ਕੀਤੀ ਹੈ, ਜਿਸ ਦੇ ਤੱਥ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ।

ਸਵਾਲ: ਸਭ ਤੋਂ ਪਹਿਲਾਂ ਆਪ ਜੀ ਨੂੰ 'ਪੰਜਾਬ ਕੇਸਰੀ ਗਰੁੱਪ' ਵੱਲੋਂ ਮੁਬਾਰਕਬਾਦ। ਤੁਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਹੋਏ ਹੋ ਪਰ ਗੁ. ਧਮਧਾਨ ਸਾਹਿਬ, ਗੁ. ਕਿਪਾਲ ਮੋਚਨ, ਜੀਂਦ ਕੁਰਕਸ਼ੇਤਰ, ਸਿਰਸਾ ਅਤੇ ਹਿਸਾਰ ਆਦਿ ਅਸਥਾਨਾਂ ਦਾ ਪ੍ਰਬੰਧ ਅਜੇ ਵੀ ਐੱਸ.ਜੀ.ਪੀ.ਸੀ. ਦੇ ਅਧੀਨ ਹੈ। ਤੁਹਾਡਾ ਹਰਿਆਣਾ ਕਮੇਟੀ ਅਧੀਨ ਉਕਤ ਅਸਥਾਨਾਂ ਨੂੰ ਲਿਆਉਣ ਦਾ ਕੀ ਯਤਨ ਹੋਵੇਗਾ?
ਜਵਾਬ: ਵੱਖਰੀ ਹਰਿਆਣਾ ਕਮੇਟੀ ਲਈ ਜਦੋਂ ਵਿਧਾਨ ਸਭਾ ਦੇ ਹਾਊਸ ਨੇ ਮਤਾ ਪਾਸ ਕੀਤਾ ਤਾਂ ਅਸੀਂ ਇਕੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਜੇ ਸੰਭਾਲਿਆ ਸੀ ਅਤੇ ਬਾਕੀ ਗੁਰਧਾਮਾਂ ਦੇ ਪ੍ਰਬੰਧ ਸੰਭਾਲਣ ਤੋਂ ਪਹਿਲਾਂ ਕੋਰਟ 'ਚ ਸਟੇਅ ਹੋ ਗਿਆ ਸੀ। ਉਹ ਕੇਸ ਅਜੇ ਸੁਪਰੀਮ ਕੋਰਟ 'ਚ ਸੁਣਵਾਈ ਅਧੀਨ ਹੈ। ਕੋਵਿਡ-19 ਕਾਰਨ ਉਸ ਦੀ ਪ੍ਰਕਿਰਿਆ ਰੁਕੀ ਹੋਈ ਹੈ। ਅਸੀਂ ਉਸ ਦੀ ਪੈਰਵੀ ਕਰਾਂਗੇ ਅਤੇ ਫੈਸਲਾ ਹਰਿਆਣਾ ਕਮੇਟੀ ਦੇ ਹੱਕ 'ਚ ਆਉਣ 'ਤੇ ਬਾਕੀ ਗੁਰਧਾਮਾਂ 'ਤੇ ਵੀ ਹਰਿਆਣਾ ਕਮੇਟੀ ਦਾ ਕਬਜ਼ਾ ਹੋ ਜਾਵੇਗਾ। ਸਾਡਾ ਲੀਗਲ ਪੱਖ ਕਾਫੀ ਮਜ਼ਬੂਤ ਹੈ, ਜਿਸ ਤਹਿਤ ਸੁਪਰੀਮ ਕੋਰਟ ਦਾ ਆਦੇਸ਼ ਨਿਸ਼ਚਿਤ ਹੀ ਸਾਡੇ ਹੱਕ 'ਚ ਆਵੇਗਾ।

PunjabKesari

ਸਵਾਲ: ਸਰਬੱਤ ਖਾਲਸੇ ਨੇ ਤੁਹਾਨੂੰ ਤਲਵੰਡੀ ਸਾਬੋ ਦੇ ਜਥੇਦਾਰ ਚੁਣਿਆ ਸੀ। ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੁਸੀਂ ਉਹ ਅਹੁਦਾ ਵੀ ਆਪਣੇ ਕੋਲ ਰੱਖੋਗੇ ਜਾਂ ਇਸ ਨਵੇਂ ਅਹੁਦੇ ਨੂੰ ਤਰਜ਼ੀਹ ਦੇ ਕੇ ਜਥੇਦਾਰੀ ਛੱਡੋਗੇ?
ਜਵਾਬ: ਜਿਨ੍ਹਾਂ ਧਿਰਾਂ ਨੇ ਮੈਨੂੰ ਉਹ ਅਹੁਦਾ ਦਿੱਤਾ ਸੀ ਮੈਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਜਥੇਦਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿਉ। ਇਸ ਥਾਂ 'ਤੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਸੌਂਪ ਦਿਓ। ਇਸ ਪੱਖ 'ਤੇ ਅਗਲਾ ਫੈਸਲਾ ਸਰਬੱਤ ਖਾਲਸਾ ਜਥੇਬੰਦੀਆਂ ਦਾ ਹੋਵੇਗਾ ਕਿ ਇਸ ਸੇਵਾ 'ਤੇ ਮੈਨੂੰ ਬਹਾਲ ਰੱਖਣਾ ਹੈ ਜਾਂ ਇਹ ਸੇਵਾ ਕਿਸੇ ਹੋਰ ਨੂੰ ਸੌਂਪਣੀ ਹੈ।

ਸਵਾਲ: ਜੇਕਰ ਤੁਹਾਡੀ ਥਾਂ ਕੋਈ ਨਵਾਂ ਜਥੇਦਾਰ ਚੁਣਨ ਦੀ ਤਜਵੀਜ਼ ਹੁੰਦੀ ਹੈ ਤਾਂ ਉਸ ਦੀ ਚੋਣ ਦਾ ਕੀ ਵਿਧੀ ਵਿਧਾਨ ਹੋਵੇਗਾ? ਕੀ ਪਹਿਲਾਂ ਵਾਂÎਗ ਹੀ ਸਰਬੱਤ ਖਾਲਸਾ ਸੱਦਿਆ ਜਾਵੇਗਾ।
ਜਵਾਬ: ਇਹ ਫੈਸਲਾ ਸਰਬੱਤ ਖਾਲਸਾ ਦੀਆਂ ਪ੍ਰਬੰਧਕ ਮੁੱਖ ਧਿਰਾਂ ਦੇ ਹੱਥ ਹੈ। ਮੈਂ ਪਹਿਲਾਂ ਵੀ ਆਮ ਸਿੱਖ ਦੀ ਤਰ੍ਹਾਂ ਉਨ੍ਹਾਂ 'ਚ ਸ਼ਾਮਲ ਹੋਇਆ ਸੀ ਅਤੇ ਉਨ੍ਹਾਂ ਮੇਰੇ ਉਕਤ ਅਹੁਦੇ ਲਈ ਚੋਣ ਕੀਤੀ ਸੀ। ਹੁਣ ਵੀ ਫ਼ੈਸਲਾ ਉਨ੍ਹਾਂ ਪੰਥਕ ਧਿਰਾਂ ਨੇ ਹੀ ਕਰਨਾ ਹੈ। ਇਹ ਵੀ ਜ਼ਰੂਰੀ ਨਹੀਂ ਕਿ ਪਹਿਲਾਂ ਵਾਂਗ ਵੱਡਾ ਇਕੱਠ ਕਰਨਾ ਜ਼ਰੂਰੀ ਹੈ। ਇਹ ਫੈਸਲਾ ਮੁਖੀ ਧਿਰਾਂ ਸੰਖੇਪ ਇਕੱਤਰਤਾ ਦੌਰਾਨ ਵੀ ਲੈ ਸਕਦੀਆਂ ਹਨ।

ਸਵਾਲ: ਪੰਜਾਬ ਅੰਦਰ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵੇਂ ਪੰਥਕ ਫਰੰਟ ਦਾ ਗਠਨ ਹੋਣ ਜਾ ਰਿਹਾ ਹੈ। ਕੀ ਤੁਸੀਂ ਵੀ ਉਸ ਫਰੰਟ ਦਾ ਹਿੱਸਾ ਬਣੋਗੇ?
ਜਵਾਬ: ਮੈਨੂੰ ਪ੍ਰਧਾਨਗੀ ਅਹੁਦੇ ਦੀ ਸਭ ਨੇ ਵਧਾਈ ਦਿੱਤੀ ਹੈ ਅਤੇ ਸਭ ਨੇ ਮੇਰੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਹਰਿਆਣਾ ਮੈਂ ਇਕੱਲੇ ਨੇ ਫਤਹਿ ਕੀਤਾ ਹੈ ਪਰ ਦਿੱਲੀ ਅਤੇ ਪੰਜਾਬ ਦੀ ਜੰਗ ਜਿੱਤਣ ਲਈ ਸਭ ਧਿਰਾਂ ਦੀ ਇਕੱਤਰਤਾ ਜ਼ਰੂਰੀ ਹੈ। ਜੋ ਐੱਸ. ਜੀ. ਪੀ. ਸੀ. ਨੂੰ ਬਾਦਲਾਂ ਦੇ ਕਬਜ਼ੇ 'ਚੋਂ ਮੁਕਤ ਕਰਵਾਉਣ ਦੇ ਸਮਰੱਥ ਹੋਵੇਗਾ, ਮੈਂ ਉਸ 'ਚ ਨਿਸ਼ਚਿਤ ਹੀ ਸ਼ਾਮਲ ਹੋਵਾਂਗਾ, ਕਿਉਂਕਿ ਬਾਦਲਾਂ ਤੋਂ ਐੱਸ. ਜੀ. ਪੀ. ਸੀ. ਨੂੰ ਮੁਕਤ ਕਰਵਾਉਣਾ ਸਾਡਾ ਮੁੱਖ ਅਤੇ ਪਹਿਲਾ ਮਿਸ਼ਨ ਹੈ।

ਸਵਾਲ: ਤੁਸੀਂ ਪਿਛਲੇ ਲੰਬੇ ਅਰਸੇ ਤੋਂ ਸਿਮਰਨਜੀਤ ਸਿੰਘ ਮਾਨ ਨਾਲ ਜੁੜੇ ਰਹੇ ਹੋ ਪਰ ਨਵੇਂ ਫਰੰਟ 'ਚ ਸ਼ਾਮਲ ਧਿਰਾਂ ਮਾਨ ਨੂੰ ਖਾਲਸਤਾਨ ਪੱਖੀ ਹੋਣ ਕਾਰਣ ਸ਼ਾਮਲ ਕਰਨ ਤੋ ਇੰਨਕਾਰੀ ਹਨ। ਤੁਹਾਡਾ ਇਸ ਮੁਕਾਮ 'ਤੇ ਕੀ ਫੈਸਲਾ ਹੋਵੇਗਾ? ਤੁਸੀ ਮਾਨ ਨੂੰ ਲਾਂਭੇ ਰੱਖ ਕੇ ਸਥਾਪਤ ਕੀਤੇ ਫਰੰਟ 'ਚ ਜਾਵੋਗੇ?
ਜਵਾਬ: ਐੱਸ. ਜੀ. ਪੀ. ਸੀ. ਦੀਆਂ ਚੋਣਾਂ ਦਾ ਖਾਲਸਤਾਨ ਨਾਲ ਕੋਈ ਸਬੰਧ ਨਹੀ। ਮੇਰੀ ਕੋਸ਼ਿਸ਼ ਹੋਵੇਗੀ ਕਿ ਇਸ ਫਰੰਟ 'ਚ ਸਭ ਨੂੰ ਬਣਦਾ ਹੱਕ ਮਿਲੇ। ਮਾਨ ਨੂੰ ਵੀ ਹਿੱਸੇ ਆਉਂਦੀਆਂ ਸੀਟਾਂ ਮਿਲਣ ਅਤੇ ਬਾਕੀ ਧਿਰਾਂ ਨੂੰ ਵੀ। ਬਾਕੀ ਗੱਲ ਮੈਂ ਪੰਥਕ ਮੁੱਦਿਆਂ ਦੇ ਅਧਾਰਤ ਪੰਥ ਹਿਤੈਸ਼ੀ ਧਿਰਾਂ ਨੂੰ ਹਮਾਇਤ ਦਿੰਦਾ ਆਇਆ ਹਾਂ ਪਰ ਕਿਸੇ ਧਿਰ ਨਾਲ ਪੱਕੇ ਤੌਰ 'ਤੇ ਨਹੀ ਜੁੜਿਆ। ਦੂਜੀ ਗੱਲ ਹਰ ਜਥੇਬੰਦੀ ਦੇ ਵਿਚਾਰਕ ਵਖਰੇਵੇਂ ਜ਼ਰੂਰ ਹੋ ਸਕਦੇ ਹਨ ਪਰ ਐੱਸ. ਜੀ. ਪੀ. ਸੀ. ਚੋਣ ਦਾ ਇੱਕੋ ਮੁੱਦਾ ਬਾਦਲਾਂ ਨੂੰ ਇਸ ਸੰਸਥਾ ਤੋਂ ਲਾਂਭੇ ਰੱਖਣਾ ਹੋਵੇਗਾ।

ਸਵਾਲ: ਤੁਹਾਨੂੰ ਹਰਿਆਣਾ ਕਮੇਟੀ ਦੇ ਪ੍ਰਧਾਨ ਬਣਨ ਦਾ ਪਲੇਠਾ ਸਬਬ ਹਾਸਲ ਹੋਇਆ ਹੈ। ਕੀ ਸੁਪਨਾ ਹੈ ਕੁਝ ਵੱਖਰਾ ਕਰਨ ਦਾ ਅਤੇ ਨਵਾਂ ਮਾਡਲ ਸੰਗਤਾਂ ਨੂੰ ਦੇਣ ਦਾ?
ਜਵਾਬ: ਇਕ ਨਵਾਂ ਵਿਜ਼ਨ ਲੈ ਕੇ ਕੰਮ ਕਰਨ ਦੀ ਇੱਛਾ ਰੱਖਦਾ ਹਾਂ। ਭਾਵੇਂ ਸਾਡਾ ਬਜਟ ਬਹੁਤ ਘੱਟ ਹੈ ਪਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਧਰਮ ਪ੍ਰਚਾਰ ਅਤੇ ਧਾਰਮਿਕ ਗਤੀਵਿਧੀਆਂ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕਰ ਰਹੀਆਂ ਹਨ। ਅਸੀਂ ਪੰਜਾਬ ਲਈ ਵੱਖਰਾ ਮਾਡਲ ਦਿਆਂਗੇ।

ਸਵਾਲ: ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਪੰਜਾਬ ਹਰਿਆਣਾ 'ਚ ਪੁਰਾਣੇ ਮਤਭੇਦ ਹਨ। ਹਰਿਆਣਾ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਤੁਹਾਡਾ ਮੂਲ ਅਤੇ ਕਰਮਭੂਮੀ ਪੰਜਾਬ ਹੈ। ਇਸ ਮੁੱਦੇ 'ਤੇ ਤੁਸੀ ਕਿਸ ਪੱਖ ਨੂੰ ਤਰਜੀਹ ਦਿਓਗੇ?
ਜਵਾਬ: ਹਰਿਆਣੇ 'ਚ ਸਿੱਖਾਂ ਦੀ ਆਬਾਦੀ 28 ਲੱਖ ਹੈ। ਮੈਂ ਉਨ੍ਹਾਂ ਲਈ ਧਰਮ ਪ੍ਰਚਾਰ ਦੀ ਡਿਊਟੀ ਨਿਭਾਅ ਰਿਹਾ ਹਾਂ। ਮੇਰੀ ਭਾਵਨਾ ਹਰਿਆਣੇ ਜਾਂ ਪੰਜਾਬ ਨਹੀਂ ਬਲਕਿ ਸਮੁੱਚੀ ਇੰਨਸਾਨੀਅਤ ਨਾਲ ਜੁੜੀ ਹੋਈ ਹੈ। ਇਸ ਨਾਤੇ ਮੈਂ ਕਹਾਂਗਾ ਕਿ ਜੋ ਪੰਜਾਬ ਦਾ ਹੱਕ ਹੈ ਉਹ ਪੰਜਾਬ ਮਿਲਣਾ ਚਾਹੀਦਾ ਅਤੇ ਜੋ ਹਰਿਆਣਾ ਦਾ ਹੱਕ ਹੈ ਉਹ ਉਸ ਨੂੰ ਮਿਲਣਾ ਚਾਹੀਦਾ।
ਕਿੱਥੇ, ਕੌਣ ਐੱਸ. ਵਾਈ. ਐੱਲ. ਦੇ ਪਾਣੀ ਦਾ ਹੱਕਦਾਰ ਹੈ? ਇਸ ਦਾ ਫ਼ੈਸਲਾ ਕਾਨੂੰਨੀ ਮਾਹਰਾਂ ਦੇ ਹੱਥ ਹੈ। ਸਿਆਸੀ ਲੋਕਾਂ ਦਾ ਇਸ ਪ੍ਰਤੀ ਸਿਆਸੀ ਪੈਂਤੜਾ ਰਿਹਾ ਹੈ। ਬਾਦਲਾਂ ਨੇ ਇਸ ਬਦਲੇ ਚੋਟਾਲਿਆਂ ਤੋਂ ਪੈਸੇ ਲਏ ਹਨ ਅਤੇ ਔਰਬਿਟ ਰਿਜ਼ੋਰਟ ਬਣਾ ਲਏ। ਕੈਪਟਨ ਸਾਹਿਬ ਟੱਕ ਲਗਾਉਣ ਸੋਨੇ ਦੀ ਕਹੀ ਲੈ ਕੇ ਗਏ ਸੀ। ਇਹ ਸਭ ਸਿਆਸੀ ਘਾਲਾ ਮਾਲਾ ਹੈ।

ਸਵਾਲ: ਤੁਸੀਂ ਬਰਗਾੜੀ ਇਨਸਾਫ ਮੋਰਚੇ 'ਚ ਮੂਹਰਲੀ ਕਤਾਰ ਦੀ ਭੂਮਿਕਾ ਨਿਭਾਈ ਸੀ। ਇਸ ਦੀਆਂ ਕਾਫੀ ਮੰਗਾਂ ਮੰਨੀਆਂ ਵੀ ਗਈਆਂ ਹਨ ਅਤੇ ਕਾਫੀ ਬਾਕੀ ਹਨ। ਕੁਲ ਮਿਲਾ ਕੇ ਮੋਰਚੇ ਦਾ ਉਦੇਸ਼ ਮੂਲ ਮਕਸਦ ਤੋਂ ਕਾਫੀ ਪਿੱਛੇ ਹੈ। ਕੀ ਕਹੋਗੇ?
ਜਵਾਬ: ਪਹਿਲੀਆਂ ਅਤੇ ਮੌਜੂਦਾ ਸਰਕਾਰਾਂ ਤੋਂ ਨਾ ਇਨਸਾਫ ਮਿਲਿਆ ਅਤੇ ਨਾ ਹੀ ਕੋਈ ਉਮੀਦ ਪਰ ਅਸੀਂ ਲੜਾਈ ਲੜੀ ਹੈ ਅਤੇ ਲੜਦੇ ਰਹਾਂਗੇ। ਇਕੱਲੇ ਬਰਗਾੜੀ ਹੀ ਨਹੀ ਮੈਂ ਬਾਕੀ ਥਾਵਾਂ 'ਤੇ ਵੀ ਜਾ ਕੇ ਡਿਊਟੀ ਨਿਭਾਉਂਦਾ ਰਿਹਾ ਹਾਂ।

ਸਵਾਲ: ਮੋਰਚਾ ਚੁਕਵਾਉਣ ਵੇਲੇ ਜੋ ਵਾਅਦੇ ਸਰਕਾਰੀ ਵਜ਼ੀਰ ਤੁਹਾਡੇ ਨਾਲ ਕਰਕੇ ਗਏ ਸੀ ਤੁਸੀਂ ਉਸ ਤੋਂ ਕਿਸ ਕੁ ਹੱਦ ਤੱਕ ਸੰਤੁਸ਼ਟ ਹੋ?
ਜਵਾਬ: ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਨੂੰ ਲੈ ਕੇ ਉਹ ਮੰਤਰੀ ਖੁਦ ਹੀ ਸੰਤੁਸ਼ਟ ਨਹੀਂ। ਅਸੀਂ ਤਾਂ ਕੀ ਸੰਤੁਸ਼ਟ ਹੋਣਾ ਸੀ।

ਸਵਾਲ: ਮਾਰਚ 'ਚ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਕੀ ਭੂਮਿਕਾ ਨਿਭਾਓਗੇ?
ਜਵਾਬ: ਬਾਦਲਾਂ ਦੀਆਂ ਸਫਾਂ ਵਲੇਟਣ ਲਈ, ਉਨ੍ਹਾਂ ਤੋਂ ਅਕਾਲੀ ਦਲ, ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਲਈ ਅਸੀਂ ਹਰ ਧਿਰ ਨਾਲ ਸਮਝੌਤੇ ਲਈ ਤਿਆਰ ਹਾਂ।

ਸਵਾਲ: ਜਥੇਦਾਰ ਅਕਾਲ ਤਖਤ ਨੂੰ ਅਯੋਧਿਆ ਮੰਦਰ ਨੀਂਹ ਪੱਥਰ ਸਮਾਗਮ 'ਚ ਸ਼ਮੂਲੀਅਤ ਲਈ ਦਿੱਤੇ ਸੱਦੇ 'ਤੇ ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੱਖ-ਵੱਖ ਪੱਖਾਂ 'ਤੇ ਬਿਆਨਬਾਜ਼ੀ ਹੋ ਰਹੀ ਹੈ ਕੀ ਕਹੋਗੇ?
ਜਵਾਬ: ਹਰ ਧਰਮ ਦਾ ਫਲਸਫਾ ਆਪੋ ਆਪਣਾ ਹੈ ਅਤੇ ਧਰਮਾਂ ਤੋਂ ਉੱਤੋਂ ਉੱਠ ਕੇ ਸਮਾਜਕ ਸਾਂਝਾ ਆਪਣੀ ਥਾਂ ਹਨ ਪਰ ਇੱਥੇ ਮਸਲਾ ਧਾਰਮਿਕ ਵਿਚਾਰਧਾਰਾ ਦਾ ਨਹੀਂ ਮਸਜਿਦ ਨੂੰ ਢਾਹ ਕੇ ਮੰਦਰ ਸਥਾਪਤ ਕਰਨ ਦੇ ਵਿਸ਼ੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਾ ਸੀ। ਇਸ ਲਈ ਵਿਵਾਦਤ ਪੱਖ ਦੇ ਮੱਦੇਨਜ਼ਰ ਸ਼ਾਇਦ ਇਹ ਹਾਜ਼ਰੀ ਨਹੀਂ ਭਰੀ ਗਈ। ਉਂਝ ਭਾਈਚਾਰਕ ਸਾਂਝਾ ਅਤੇ ਧਾਰਮਿਕ ਸਮਾਗਮ ਸਭ ਦੇ ਸਾਂਝੇ ਹਨ।

ਸਵਾਲ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਅਤੇ ਮੈਂਬਰਾਂ ਵੱਲੋਂ ਇਸ ਦੀਆਂ ਸਰਾਵਾਂ ਅਤੇ ਗੱਡੀਆਂ ਦੀ ਦੁਰਵਰਤੋਂ ਮਾਮਲੇ 'ਤੇ ਕੀ ਕਹੋਗੇ?
ਜਵਾਬ: ਜਿਹੜੀ ਕਮੇਟੀ ਪਹਿਲਾਂ ਤੋਂ ਸ਼੍ਰੋਮਣੀ ਕਮੇਟੀ ਚਲੀ ਆਉਂਦੀ ਸੀ ਉਹ ਬਾਦਲਾਂ ਦੇ ਕਬਜ਼ੇ 'ਚ ਆਉਣ ਪਿੱਛੋਂ ਘੁਟਾਲਾ ਕਮੇਟੀ ਬਣ ਗਈ ਹੈ। ਇਸ ਕਮੇਟੀ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਸਿਰੋਪਾਓ ਦਿੱਤੇ ਜਾ ਰਹੇ ਹਨ। ਘੁਟਾਲੇ ਉਜਾਗਰ ਹੋਣ ਤੋਂ ਬਾਅਦ ਸਬ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਹਨ ਅਤੇ ਮਸਲਾ ਠੰਡਾ ਹੋਣ 'ਤੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਜਿਹੜੀ ਚੀਜ਼ ਐੱਸ. ਜੀ. ਪੀ. ਸੀ. ਨੇ ਖਰੀਦਣੀ ਹੁੰਦੀ ਹੈ ਪਹਿਲਾਂ ਇਸ ਦੇ ਮੈਂਬਰ ਉਸ ਨੂੰ ਖੁਦ ਖਰੀਦਦੇ ਹਨ ਅਤੇ ਪਿੱਛੋਂ ਮਹਿੰਗੇ ਮੁੱਲ ਐੱਸ. ਜੀ. ਪੀ. ਸੀ. ਨੂੰ ਹੀ ਵੇਚਦੇ ਹਨ।

ਸਵਾਲ: ਵੱਖਰੀ ਹਰਿਆਣਾ ਕਮੇਟੀ ਦੇ ਸੁਪਰੀਮ ਕੋਰਟ 'ਚ ਪੈਂਡਿੰਗ ਪਏ ਕੇਸ ਤੋਂ ਕੀ ਆਸ ਰੱਖਦੋ ਹੋ?
ਜਵਾਬ: ਇਸ ਦਾ ਬਿੱਲ ਸੰਵਿਧਾਨ ਅਨੁਸਾਰ ਹਰਿਆਣਾ ਵਿਧਾਨ ਸਭਾ 'ਚ ਪਾਸ ਕੀਤਾ ਹੈ। ਸੁਪਰੀਮ ਕੋਰਟ ਵਿਧਾਨ ਸਭਾ ਦੇ ਬਿੱਲਾਂ ਨੂੰ ਐਮਲੀਮੈਂਟ ਕਰਦੀ ਹੈ ਅਤੇ ਡਾਇਮਜ਼ ਨਹੀ। ਇਸੇ ਤਰ੍ਹਾਂ ਹੀ 1966 ਦੇ ਵਿਧਾਨ ਅਨੁਸਾਰ ਹਰਿਆਣਾ ਨੂੰ ਵੱਖਰੀ ਕਮੇਟੀ ਬਣਾਉਣ ਦਾ ਅਧਿਕਾਰ ਹੈ। ਇਸ ਲਈ ਨਿਸ਼ਚਿਤ ਹੀ ਇਹ ਫੈਸਲਾ ਸਾਡੇ ਹੱਕ 'ਚ ਜਾਵੇਗਾ।

ਸਵਾਲ: ਕਰਤਾਰਪੁਰ ਕੋਰੀਡੋਰ ਕੋਵਿਡ-19 ਕਾਰਨ ਬੰਦ ਪਿਆ ਹੈ ਅਤੇ ਇਸ ਨੂੰ ਮੁੜ ਖੋਲਣ ਲਈ ਪਾਕਿਸਤਾਨ ਵੱਲੋਂ ਸਹਿਮਤੀ ਦੇ ਦਿੱਤੀ ਹੈ ਪਰ ਇੰਡੀਆ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਇਸ ਪੱਖ 'ਤੇ ਕੀ ਤਰਕ ਦਿਓਗੇ?
ਜਵਾਬ: ਕਰਤਾਰਪੁਰ ਲਾਂਘਾ ਪਹਿਲਾਂ ਵੀ ਇੰਡੀਆ ਸਰਕਾਰ ਦੀ ਰਜਾਮੰਦੀ ਨਾਲ ਹੀ ਖੁੱਲਿਆ ਸੀ। ਜੇ ਉਦੋ ਇੰਡੀਆ ਨੇ ਰਜਾਮੰਦੀ ਦੇ ਦਿੱਤੀ ਸੀ ਤਾਂ ਹੁਣ ਵੀ ਦੇ ਸਕਦਾ ਹੈ। ਸ਼ਾਇਦ ਇਹ ਰਜਾਮੰਦੀ ਕਿਸੇ ਤਕਨੀਕੀ ਪਰੋਸੀਜਰ ਕਾਰਣ ਵਸ ਰੁਕੀ ਹੋ ਸਕਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਦੋਵਾਂ ਦੇਸ਼ਾਂ ਨੇ ਆਪੋ ਆਪਣੇ ਫੀਲਡ 'ਚ ਇਸ ਕੋਰੀਡੋਰ 'ਤੇ ਭਾਰੀ ਖਰਚ ਕੀਤੇ ਹਨ ਅਤੇ ਸਿੱਖ ਹੁਣ ਵੀ ਇਨ੍ਹਾਂ ਸਰਕਾਰਾਂ ਦੇ ਸਾਂਝੇ ਕਦਮਾਂ ਪ੍ਰਤੀ ਆਸਵੰਦ ਹਨ।

PunjabKesari

ਸਵਾਲ: ਡੇਰਾ ਸਲਾਬਤਪੁਰ ਕਾਂਡ ਦੇ ਬੰਦ ਪਏ ਕੇਸ ਨੂੰ ਮੁੜ ਖੋਲਣ ਲਈ ਤੁਸੀਂ ਅਤੇ ਹੋਰ ਪੰਥਕ ਧਿਰਾਂ ਲੰਬੇ ਅਰਸੇ ਤੋਂ ਯਤਨਸ਼ੀਲ ਹੋ। ਕੀ ਤੁਹਾਨੂੰ ਲੱਗ ਰਿਹਾ ਹੈ ਕਿ ਸਰਕਾਰ ਇਸ ਨੂੰ ਮੁੜ ਖੋਲੇਗੀ?
ਜਵਾਬ: ਜਨਵਰੀ 2012 'ਚ ਇਸਨੂੰ ਬੰਦ ਕਰਨ ਸਮੇਂ ਦੋ ਅਹਿਮ ਸਮਝੌਤੇ ਹੋਏ ਸਨ। ਪਹਿਲਾ ਸਮਝੌਤਾ ਬਾਦਲਾਂ ਦਾ ਡੇਰਾ ਮੁਖੀ ਨਾਲ ਵੋਟਾਂ ਲੈਣ ਦੇ ਮਕਸਦ ਤਹਿਤ ਹੋਇਆ ਸੀ ਅਤੇ ਦੂਜਾ ਜੁਡੀਸ਼ਲੀ ਨਾਲ ਇਸ ਕੇਸ ਨੂੰ ਬੰਦ ਕਰਨ ਦੀ ਸ਼ਰਤ ਤਹਿਤ ਬਾਦਲਾਂ ਨੇ ਉਸ ਸੈਸ਼ਨ ਜੱਜ ਨਾਲ ਕੀਤਾ ਸੀ ਜੋ ਅੱਜਕਲ੍ਹ ਭ੍ਰਿਸ਼ਟਾਚਾਰ ਕੇਸ 'ਚ ਸਸਪੈਂਡ ਚੱਲ ਰਿਹਾ ਹੈ। ਇਸ ਕੇਸ ਨੂੰ ਖਾਰਜ ਕਰਨ ਬਦਲੇ ਬਾਦਲਾਂ ਨੇ ਉਸ ਜੱਜ ਦੀ ਪਤਨੀ ਨੂੰ ਆਰ. ਟੀ. ਆਈ. ਕਮਿਸ਼ਨਰ ਦਾ ਅਹੁਦਾ ਦੇ ਕੇ ਨਿਵਾਜਿਆ ਸੀ। ਇਨ੍ਹਾਂ ਤਮਾਮ ਪੱਖਾਂ ਨੂੰ ਬੇਨਕਾਬ ਕਰਨ ਲਈ ਇਹ ਕੇਸ ਰੀ-ਓਪਨ ਹੋਣਾ ਲਾਜ਼ਮੀ ਹੈ। ਡੇਰਾ ਮੁਖੀ ਨੂੰ ਪ੍ਰੋਟਕਸ਼ਨ ਵਰੰਟਾਂ ਦੇ ਅਧਾਰਤ ਪੁੱਛਗਿੱਛ ਲਈ ਲਿਆਉਣਾ ਚਾਹੀਦਾ ਹੈ, ਇਸ ਨਾਲ ਬੇਅਦਬੀ ਅਤੇ ਮੌੜ ਮੰਡੀ ਬੰਬ ਕਾਂਡ ਦੀਆਂ ਪਰਤਾਂ ਵੀ ਖੁੱਲ ਸਕਦੀਆਂ ਹਨ।

ਸਵਾਲ: ਐੱਸ. ਜੀ. ਪੀ. ਸੀ. ਦੇ ਪਬਲੀਕੇਸ਼ਨ ਮਹਿਕਮੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਭੇਦਭਰੀ ਹਾਲਤ 'ਚ ਗੁੰਮ ਹੋਣ ਅਤੇ ਹੁਣ ਤੱਕ ਉਨ੍ਹਾਂ ਦੀ ਤਫਤੀਸ਼ ਅੰਜਾਮ ਤੱਕ ਨਾ ਪਹੁੰਚਣ ਬਾਰੇ ਕੀ ਕਹੋਗੇ?
ਜਵਾਬ: ਇਹ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸਰੂਪਾਂ ਨੂੰ ਗੁੰਮ ਕਰਨ ਲਈ ਉਹ ਲੋਕ ਜ਼ਿੰਮੇਵਾਰ ਹਨ ਜਿਨ੍ਹਾਂ 'ਤੇ ਸੇਵਾ ਸੰਭਾਲ ਦੀ ਡਿਊਟੀ ਦਾ ਫਰਜ਼ ਲਾਗੂ ਸੀ। ਇਹ ਸਰੂਪ ਗੁੰਮ ਹੋਏ ਹਨ ਜਾਂ ਗੁੰਮ ਕੀਤੇ ਗਏ ਹਨ ਜਾਂ ਇਨ੍ਹਾਂ ਦੀ ਲਿਖਾਪੜ੍ਹੀ 'ਚ ਕੋਈ ਗਲਤੀ ਹੋਈ ਹੈ। ਇਨ੍ਹਾਂ ਤਮਾਮ ਸਵਾਲਾਂ ਦੀ ਜੁਆਬਦੇਹ ਐੱਸ. ਜੀ. ਪੀ. ਸੀ. ਹੈ ਪਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਦੀ ਥਾਂ ਇਥੇ ਵੀ ਸਿਆਸਤ ਹੋ ਰਹੀ ਹੈ ਅਤੇ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਇਸਦੀ ਤਹਿ ਤੱਕ ਤਫਤੀਸ਼ ਹੋਣੀ ਚਾਹੀਦੀ ਹੈ।

ਸਵਾਲ: ਖਾਲਸਤਾਨ ਦੇ ਮੁੱਦੇ 'ਤੇ ਬੀਤੇ ਦਿਨੀ ਕਈ ਥਾਵਾਂ 'ਤੇ ਅਮਨ ਭੰਗ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ?
ਜਵਾਬ: ਇਸ ਮੁੱਦੇ 'ਤੇ ਅਮਨ ਪਸੰਦ ਲੋਕਾਂ ਅਤੇ ਪੀਸਫੁਲ ਖੇਤਰ ਦੀ ਸ਼ਾਂਤੀ ਭੰਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਗਲਤ ਹਨ। ਇਸ ਦੇ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਦੀ ਆੜ 'ਚ ਬੇਕਸੂਰ ਨੌਜਵਾਨਾਂ 'ਤੇ ਤਸ਼ੱਦਦ ਢਾਹੁਣਾ ਅਤੇ ਯੂ. ਏ. ਏ. ਜਿਹੀਆਂ ਖਤਰਨਾਕ ਧਾਰਾਵਾਂ ਤਹਿਤ ਕੇਸ ਦਰਜ ਕਰਨੇ ਵੀ ਅਮਨ ਪਸੰਦ ਲੋਕਾਂ ਨਾਲ ਵੱਡਾ ਧੱਕਾ ਹੈ। ਇਹੋ ਧੱਕਾ ਸਾਡੇ ਨਾਲ ਨਿੱਜੀ ਕਿੜਾਂ ਕੱਢਣ ਲਈ ਪਹਿਲਾਂ ਬਾਦਲ ਸਰਕਾਰ ਕਰਦੀ ਰਹੀ ਹੈ ਅਤੇ ਹੁਣ ਇਹੋ ਰਾਹ ਕੈਪਟਨ ਸਰਕਾਰ ਚੱਲ ਰਹੀ ਹੈ।


shivani attri

Content Editor

Related News