ਬਲਬੀਰ ਸਿੰਘ ਸਿੱਧੂ ਦਾ ਵੱਡਾ ਐਲਾਨ, ''ਨਾ ਕਾਂਗਰਸ ਛੱਡ ਕੇ ਜਾਵਾਂਗਾ, ਨਾ ਕਿਸੇ ਹੋਰ ਪਾਰਟੀ ਤੋਂ ਚੋਣ ਲੜਾਂਗਾ''

Monday, Jan 03, 2022 - 03:24 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਇਨ੍ਹਾਂ ਖਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਜਾ ਰਹੇ ਹਨ। ਬਲਬੀਰ ਸਿੱਧੂ ਨੇ ਅੱਜ ਇੱਥੇ ਬੁਲਾਈ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁੱਝ ਸੋਸ਼ਲ ਮੀਡੀਆ 'ਤੇ ਇਹ ਖ਼ਬਰਾਂ ਫਲੈਸ਼ ਕੀਤੀਆਂ ਗਈਆਂ ਹਨ ਕਿ ਬਲਬੀਰ ਸਿੰਘ ਸਿੱਧੂ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਹੈ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਤਿੰਨ ਟਿਕਟਾਂ ਬਾਰੇ ਫਾਈਨਲ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦਾ। ਸਿੱਧੂ ਨੇ ਕਿਹਾ ਕੇ ਸਾਲ 2002 ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਇੱਥੋਂ ਚੋਣ ਲੜੇ ਸਨ ਪਰ ਸਾਲ 2003 ਵਿੱਚ ਉਹ ਦੁਬਾਰਾ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਗਏ ਸਨ। 2006 ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਤਿੰਨ ਵਾਰ ਉਨ੍ਹਾਂ ਦੇ ਕੋਲ ਮੋਹਾਲੀ ਵਿਖੇ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣ।

ਇਹ ਵੀ ਪੜ੍ਹੋ : ਢਾਬੇ 'ਤੇ ਮਜ਼ੇ ਨਾਲ 'ਤੰਦੂਰੀ ਨਾਨ' ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਖ਼ਬਰ (ਤਸਵੀਰਾਂ)

ਉਨ੍ਹਾਂ ਕਿਹਾ ਕਿ ਉਸ ਵੇਲੇ ਸਰਕਾਰ ਵੀ ਅਕਾਲੀ ਦਲ ਦੀ ਹੀ ਬਣਨ ਦੀ ਸੰਭਾਵਨਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਕਾਂਗਰਸ ਪਾਰਟੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਹਿੱਸਾ ਬਣ ਚੁੱਕੇ ਹਨ। ਇਸ ਕਰਕੇ ਅਜਿਹੀਆਂ ਸ਼ਰਾਰਤਾਂ ਕੁੱਝ ਹੋਰ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਪਾਰਟੀ ਛੱਡ ਰਿਹਾ ਹਾਂ। ਬਲਬੀਰ ਸਿੱਧੂ ਨੇ ਕਿਹਾ ਕਿ 2010 ਵਿੱਚ ਉਨ੍ਹਾਂ ਦੋਵੇਂ ਭਰਾਵਾਂ (ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ) 'ਤੇ ਸਰਕਾਰੀ ਦਬਾਅ ਹੇਠ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ, ਉਦੋਂ ਵੀ ਉਹ ਨਹੀਂ ਡੋਲੇ ਅਤੇ ਪਾਰਟੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਦਬਾਅ ਹੋਰ ਕੀ ਹੋ ਸਕਦਾ ਹੈ ਕਿ ਜਦੋਂ ਕਿਸੇ 'ਤੇ ਝੂਠਾ ਕਤਲ ਦਾ ਕੇਸ ਪੈ ਜਾਵੇ। ਬਲਬੀਰ ਸਿੱਧੂ ਨੇ ਦੋਸ਼ ਲਾਇਆ ਕਿ ਜਿਹੜੇ ਲੋਕ ਇਹ ਕੋਝੀਆਂ ਹਰਕਤਾਂ ਕਰ ਰਹੇ ਹਨ, ਉਨ੍ਹਾਂ ਨੂੰ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਚੰਡੀਗੜ੍ਹ 'ਚ 'ਸੁਖਨਾ ਝੀਲ' 'ਤੇ ਬੋਟਿੰਗ ਸਣੇ ਸਾਰੀਆਂ ਗਤੀਵਿਧੀਆਂ ਬੰਦ, ਹੋਰ ਵੀ ਸਖ਼ਤ ਹੁਕਮ ਜਾਰੀ

ਉਨ੍ਹਾਂ ਇਕ ਸੀਨੀਅਰ ਆਗੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਵਿਅਕਤੀ ਪਹਿਲਾਂ ਕਈ ਮਹੀਨੇ ਕਾਂਗਰਸ ਹਾਈਕਮਾਨ ਅੱਗੇ ਜਾ ਕੇ ਨੱਕ ਰਗੜਦਾ ਰਿਹਾ ਕਿ ਉਸ ਨੂੰ ਕਾਂਗਰਸ ਪਾਰਟੀ ਵੀ ਸ਼ਾਮਲ ਕਰ ਲਓ ਤੇ ਉਹ ਮੋਹਾਲੀ ਤੋਂ ਚੋਣ ਲੜਨਾ ਚਾਹੁੰਦਾ ਹੈ ਪਰ ਕਾਂਗਰਸ ਦੀ ਹਾਈਕਮਾਨ ਨੇ ਉਸ ਨੂੰ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਮੋਹਾਲੀ ਤੋਂ ਸਿਰਫ ਬਲਬੀਰ ਸਿੱਧੂ ਹੀ ਉਨ੍ਹਾਂ ਦਾ ਉਮੀਦਵਾਰ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਖਰੜ ਮਾਰਕਿਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News