''ਬਲਬੀਰ ਸਿੰਘ ਰਾਜੇਵਾਲ'' ਨੇ ਚੰਡੀਗੜ੍ਹ ''ਚ ਕੀਤੇ ਵੱਡੇ ਐਲਾਨ, ਸਿਆਸੀ ਪਾਰਟੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ
Tuesday, Jul 06, 2021 - 04:48 PM (IST)
ਚੰਡੀਗੜ੍ਹ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਵੱਡੇ ਐਲਾਨ ਕੀਤੇ ਗਏ ਅਤੇ ਨਾਲ ਹੀ ਵਿਰੋਧੀ ਸਿਆਸੀ ਪਾਰਟੀਆਂ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਮਹਿੰਗਾਈ 'ਤੇ ਕੋਈ ਕੰਟਰੋਲ ਨਹੀਂ ਕਰ ਰਹੀ ਅਤੇ ਸਭ ਕੁੱਝ ਕਾਰਪੋਰੇਟ ਦੇ ਹੱਥਾਂ 'ਚ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ 'ਚ 8 ਜੁਲਾਈ ਨੂੰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ
ਉਨ੍ਹਾਂ ਨੇ ਅਪੀਲ ਕੀਤੀ ਕਿ ਪੂਰੇ ਦੇਸ਼ 'ਚ ਹਰ ਵਰਗ ਦੇ ਲੋਕ 8 ਜੁਲਾਈ ਨੂੰ ਸਵੇਰੇ 10 ਤੋਂ 12 ਵਜੇ ਤੱਕ 2 ਘੰਟੇ ਲਈ ਆਪੋ-ਆਪਣੇ ਵਾਹਨ ਸੜਕਾਂ 'ਤੇ ਲਿਆ ਕੇ ਖੜ੍ਹੇ ਕਰਨ ਅਤੇ ਨਾਲ ਹੀ ਬੀਬੀਆਂ ਅਤੇ ਭੈਣਾਂ ਗੈਸ ਸਿਲੰਡਰ ਸੜਕਾਂ 'ਤੇ ਰੱਖ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ। ਰਾਜੇਵਾਲ ਨੇ ਕਿਹਾ ਕਿ ਇਸ ਦੌਰਾਨ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ 8 ਮਿੰਟ ਹਾਰਨ ਵੀ ਵਜਾਏ ਜਾਣਗੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਲੋਕ ਆਪਣੇ ਵਾਹਨ ਅਤੇ ਸਿਲੰਡਰ ਸੜਕਾਂ ਦੇ ਕਿਨਾਰੇ ਖੜ੍ਹੇ ਕਰਨ ਤਾਂ ਜੋ ਟ੍ਰੈਫਿਕ ਜਾਮ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਗਰਮੀ ਦੌਰਾਨ ਜ਼ਰੂਰੀ ਕੰਮਾਂ ਲਈ ਜਾ ਰਹੇ ਲੋਕਾਂ ਜਾਂ ਕਿਸੇ ਮਰੀਜ਼ ਨੂੰ ਉਹ ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਪਹੁੰਚਾਉਣਾ ਚਾਹੁੰਦੇ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਵਿਰੋਧੀ ਪਾਰਟੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉੁਹ ਪਿਛਲੇ ਕਈ ਮਹੀਨਿਆਂ ਨੂੰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ ਪਰ ਵਿਰੋਧੀ ਸਿਆਸੀ ਪਾਰਟੀਆਂ ਚੁੱਪ ਬੈਠੀਆਂ ਹਨ। ਰਾਜੇਵਾਲ ਨੇ ਐਲਾਨ ਕੀਤਾ ਕਿ 17 ਜੁਲਾਈ ਨੂੰ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਨੂੰ ਕਿਸਾਨਾਂ ਵੱਲੋਂ ਚਿਤਾਵਨੀ ਪੱਤਰ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਕਿਸਾਨੀ ਮੋਰਚੇ ਦੀਆਂ ਮੰਗਾਂ ਬਾਰੇ ਸੰਸਦ ਅੰਦਰ ਆਪਣੀ ਆਵਾਜ਼ ਬੁਲੰਦ ਕਰਨ ਅਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਣ। ਉਨ੍ਹਾਂ ਕਿਹਾ ਕਿ ਜੇਕਰ ਸੰਸਦ ਅੰਦਰ ਕਿਸੇ ਹੋਰ ਮੁੱਦੇ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਫਿਰ ਕਿਸਾਨਾਂ ਦੇ ਮੁੱਦੇ ਚੁੱਕਣ 'ਚ ਕੋਈ ਪਾਰਟੀ ਢਿੱਲ ਵਰਤੇਗੀ ਤਾਂ ਫਿਰ ਜਿਵੇਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਅਜਿਹਾ ਵੀ ਵਿਰੋਧ ਉਸ ਪਾਰਟੀ ਖ਼ਿਲਾਫ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦੋਰਾਹਾ ਦੇ ਪਿੰਡ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਬੰਦ ਪਈ ਰਸੋਈ 'ਚੋਂ ਮਿਲੀ ਬਦਬੂ ਮਾਰਦੀ ਲਾਸ਼
ਰਾਜੇਵਾਲ ਨੇ ਕਿਹਾ ਕਿ 19 ਤਾਰੀਖ਼ ਨੂੰ ਸੰਸਦ ਦਾ ਇਜਲਾਸ ਸ਼ੁਰੂ ਹੋਣਾ ਹੈ ਅਤੇ 22 ਤਾਰੀਖ਼ ਨੂੰ ਹਰ ਜੱਥੇਬੰਦੀ ਵੱਲੋਂ ਤਕਰੀਬਨ 200 ਕਿਸਾਨਾਂ ਦਾ ਜੱਥਾ ਸੰਸਦ ਵੱਲ ਮਾਰਚ ਕਰੇਗਾ ਅਤੇ ਜਦੋਂ ਤੱਕ ਇਜਲਾਸ ਚੱਲੇਗਾ, ਇਹ ਜੱਥੇ ਲਗਾਤਾਰ ਸੰਸਦ ਵੱਲ ਜਾਂਦੇ ਰਹਿਣਗੇ। ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਇਹ ਜੱਥੇ ਬੱਸਾਂ 'ਤੇ ਚੜ੍ਹ ਕੇ ਸੰਸਦ ਦੇ ਬਾਹਰ ਆਪਣੀ ਆਵਾਜ਼ ਉਠਾਉਣਗੇ, ਜਦੋਂ ਕਿ ਸਿਆਸੀ ਪਾਰਟੀਆਂ ਦੇ ਆਗੂ ਸੰਸਦ ਅੰਦਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ