ਬਲਬੀਰ ਸਿੱਧੂ ਨੇ 35 ਮੈਡੀਕਲ ਅਧਿਕਾਰੀਆਂ (ਡੈਂਟਲ) ਨੂੰ ਸੌਂਪੇ ਨਿਯੁਕਤੀ ਪੱਤਰ

Thursday, Nov 12, 2020 - 04:16 PM (IST)

ਚੰਡੀਗੜ੍ਹ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 35 ਮੈਡੀਕਲ ਅਫ਼ਸਰਾਂ (ਡੈਂਟਲ) ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੇ ਪ੍ਰਮੁੱਖ ਸਕੱਤਰ  ਹੁਸਨ ਲਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਘਰ ਘਰ ਰੋਜ਼ਗਾਰ’ ਯੋਜਨਾ ਤਹਿਤ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਇਸ ਮਕਸਦ ਦੀ ਪੂਰਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਲੜੀ ਤਹਿਤ ਅੱਜ 35 ਮੈਡੀਕਲ ਅਫ਼ਸਰ (ਡੈਂਟਲ) ਭਰਤੀ ਕੀਤੇ ਗਏ ਹਨ। ਉਹ ਆਪਣੀਆਂ ਸੇਵਾਵਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਦੇਣਗੇ। ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ 'ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਾਲ ਹੀ 'ਚ 107 ਮਾਹਰ ਡਾਕਟਰਾਂ ਅਤੇ 375 ਮੈਡੀਕਲ ਅਫ਼ਸਰ (ਜਨਰਲ) ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਇਨ੍ਹਾਂ ਡਾਕਟਰਾਂ 'ਚ 19 ਈ. ਐਨ. ਟੀ., 32 ਪੈਥੋਲੋਜੀ, 7 ਮੈਡੀਸਨ, 18 ਅੱਖਾਂ ਦੇ ਮਾਹਰ, 4 ਮਨੋਰੋਗ ਮਾਹਰ, 11 ਚਮੜੀ ਅਤੇ 16 ਹੱਡਿਆਂ ਦੇ ਮਾਹਰਾਂ ਦੇ ਨਾਲ ਨਾਲ 375 ਮੈਡੀਕਲ ਅਫ਼ਸਰ (ਜਨਰਲ) ਭਰਤੀ ਕੀਤੇ ਗਏ ਹਨ।

ਇਸ ਤੋਂ ਇਲਾਵਾ, ਸਿਹਤ ਮਹਿਕਮਾ ਪੰਜਾਬ ਅਧੀਨ 2017 ਤੋਂ 2019 ਤੱਕ ਮੈਡੀਕਲ ਅਧਿਕਾਰੀਆਂ ਸਮੇਤ ਪੈਰਾ ਮੈਡੀਕਲ ਅਤੇ ਹੋਰ ਸਟਾਫ਼ ਦੀਆਂ 7000 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ, ਜਦੋਂ ਕਿ 3940 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ, ਡਾਇਰੈਕਟਰ ਪ੍ਰਕਿਓਰਮੈਂਟ ਰਾਜੇਸ਼ ਸ਼ਰਮਾ, ਸਹਿਕਾਰੀ ਬੈਂਕ, ਮੋਹਾਲੀ ਦੇ ਡਾਇਰੈਕਟਰ ਹਰਕੇਸ਼ ਚੰਦ ਸ਼ਰਮਾ ਵੀ ਹਾਜ਼ਰ ਸਨ।


Babita

Content Editor

Related News