ਬਲਬੀਰ ਸਿੱਧੂ ਨੇ ''ਕੋਰੋਨਾ ਮਰੀਜ਼ਾਂ'' ਦਾ ਜਾਣਿਆ ਹਾਲ, ਹਸਪਤਾਲ ''ਚ ਲਿਆ ਪ੍ਰਬੰਧਾਂ ਦਾ ਜਾਇਜ਼ਾ

Tuesday, Aug 18, 2020 - 04:31 PM (IST)

ਬਲਬੀਰ ਸਿੱਧੂ ਨੇ ''ਕੋਰੋਨਾ ਮਰੀਜ਼ਾਂ'' ਦਾ ਜਾਣਿਆ ਹਾਲ, ਹਸਪਤਾਲ ''ਚ ਲਿਆ ਪ੍ਰਬੰਧਾਂ ਦਾ ਜਾਇਜ਼ਾ

ਮੋਹਾਲੀ (ਪਰਦੀਪ) : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਬਨੂੜ ਵਿਖੇ ਗਿਆਨ ਸਾਗਰ ਹਸਪਤਾਲ ਵਿਚਲੇ 'ਕੋਵਿਡ ਕੇਅਰ ਸੈਂਟਰ' ਦਾ ਦੌਰਾ ਕਰਦਿਆਂ ਤਮਾਮ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ 'ਚ ਫੇਰੀ ਪਾਈ ਅਤੇ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਲਈ ਇਲਾਜ, ਖਾਣ-ਪੀਣ ਅਤੇ ਰਿਹਾਇਸ਼ ਦੀਆਂ ਸਹੂਲਤਾਂ ਬਾਰੇ ਜਾਣਿਆ।

ਸਿਹਤ ਮੰਤਰੀ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਵਾਰਡਾਂ 'ਚ ਸੀ. ਸੀ. ਟੀ. ਵੀ ਕੈਮਰੇ ਅਤੇ ਐਲ. ਈ. ਡੀ. ਸਕਰੀਨਾਂ ਲਾਉਣ ਲਈ ਕਿਹਾ ਤਾਂ ਜੋ ਮਰੀਜ਼ਾਂ ਦੀ ਸਿਹਤ 'ਤੇ ਲਗਾਤਾਰ ਅਤੇ ਕਰੀਬੀ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਰੂ ਬੀਮਾਰੀ ਨਾਲ ਲੜਨ ਲਈ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਦਾ ਮਾਨਸਿਕ ਪੱਧਰ ਕਾਫ਼ੀ ਉੱਚਾ ਹੋਣਾ ਚਾਹੀਦਾ ਹੈ, ਜਿਸ ਲਈ ਟੈਲੀਵਿਜ਼ਨ ਜ਼ਰੀਏ ਧਾਰਮਿਕ ਅਤੇ ਮਨੋਰੰਜਕ ਪ੍ਰੋਗਰਾਮ ਉਨ੍ਹਾਂ ਲਈ ਕਾਫ਼ੀ ਮਦਦਗਾਰ ਸਾਬਤ ਹੋ ਸਕਦੇ ਹਨ ਅਤੇ ਉਹ ਤਣਾਅ ਤੋਂ ਦੂਰ ਰਹਿ ਸਕਦੇ ਹਨ। ਸਿੱਧੂ ਨੇ ਕਿਹਾ ਕਿ ਸਾਰੇ ਵਾਰਡਾਂ 'ਚ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੈ, ਜਿਸ 'ਚ ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਹਸਪਤਾਲ 'ਚ ਆਉਣ-ਜਾਣ ਵਾਲਿਆਂ ਅਤੇ ਸਮੁੱਚੇ ਸਟਾਫ਼ ਲਈ ਵੀ ਇਸ ਬੀਮਾਰੀ ਤੋਂ ਬਚਾਅ ਲਈ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣ ਲਈ ਆਖਿਆ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਦੇ ਕੇਸਾਂ 'ਚ ਵਾਧੇ ਦਾ ਵੱਡਾ ਕਾਰਨ ਜ਼ਰੂਰੀ ਸਾਵਧਾਨੀਆਂ ਦੀ ਮੁਕੰਮਲ ਅਣਦੇਖੀ ਹੈ। ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ 'ਤੇ ਕਈ ਲੋਕ ਇਕ-ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਜਿਹੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਦੇ ਮਾੜੇ-ਮੋਟੇ ਲੱਛਣ ਦਿਸਣ 'ਤੇ ਹੀ ਉਹ ਨੇੜਲੇ ਸਿਹਤ ਕੇਂਦਰ 'ਚ ਜਾ ਕੇ ਅਪਣੀ ਜਾਂਚ ਕਰਾਉਣ।

ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਦੇਰੀ ਨਾਲ ਸਿਹਤ ਸੰਥਥਾ 'ਚ ਪਹੁੰਚਦੇ ਹਨ, ਜਿਸ ਕਾਰਨ ਸਥਿਤੀ ਗੰਭੀਰ ਹੋ ਜਾਂਦੀ ਹੈ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿੱਥੇ 'ਕੋਰੋਨਾ ਟੈਸਟਾਂ' ਦੀ ਗਿਣਤੀ ਲਗਾਤਾਰ ਵਧਾਈ ਜਾ ਰਹੀ ਹੈ, ਉਥੇ 'ਕੋਵਿਡ ਕੇਅਰ ਸੈਂਟਰਾਂ' 'ਚ ਮਰੀਜ਼ਾਂ ਨੂੰ ਮਿਆਰੀ ਅਤੇ ਸੁਚੱਜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਅਤਿ ਲੋੜੀਂਦਾ ਹੈ।

ਉਨ੍ਹਾਂ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਹੋਰ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਪੂਰੀ ਤਨਦੇਹੀ ਅਤੇ ਲਗਨ ਨਾਲ ਇਸ ਬੀਮਾਰੀ ਨਾਲ ਲੜ ਰਹੇ ਹਨ ਅਤੇ ਅਪਣੀ ਜ਼ਿੰਦਗੀ ਜ਼ੋਖਮ 'ਚ ਪਾ ਕੇ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਦਿਨ-ਰਾਤ ਕੰਮ ਰਹੇ ਹਨ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਓ. ਐਸ. ਡੀ. ਡਾ. ਬਲਵਿੰਦਰ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਹਸਪਤਾਲ ਦੇ ਪ੍ਰਬੰਧਕ  ਏ. ਐਸ. ਸੇਖੋਂ, ਪ੍ਰਿੰਸੀਪਲ ਡਾ. ਕਮਲਜੀਤ ਸਿੰਘ, ਮੈਡੀਕਲ ਸੁਪਰੀਡੈਂਟ ਡਾ. ਐਮ. ਐਸ. ਗੁਰਾਇਆ ਅਤੇ ਹੋਰ ਸਿਹਤ ਅਧਿਕਾਰੀ ਮੌਜੂਦ ਸਨ।  


author

Babita

Content Editor

Related News