ਸੰਤੁਲਨ ਵਿਗੜਣ ਕਾਰਨ ਪਲਟੇ ਰੱਦੀ ਵਾਲੇ ਟਰੱਕ ’ਚੋਂ ਮਿਲਿਆ ਪਵਿੱਤਰ ਬਾਈਬਲ ਦੀਆਂ ਕਾਪੀਆਂ

Thursday, Oct 28, 2021 - 10:34 AM (IST)

ਸੰਤੁਲਨ ਵਿਗੜਣ ਕਾਰਨ ਪਲਟੇ ਰੱਦੀ ਵਾਲੇ ਟਰੱਕ ’ਚੋਂ ਮਿਲਿਆ ਪਵਿੱਤਰ ਬਾਈਬਲ ਦੀਆਂ ਕਾਪੀਆਂ

ਬਟਾਲਾ (ਬੇਰੀ, ਜ. ਬ.) - ਬੀਤੀ ਦੇਰ ਰਾਤ 11 ਵਜੇ ਸਥਾਨਕ ਜੀ. ਟੀ. ਰੋਡ ਬਟਾਲਾ ’ਚ ਸੰਤੁਲਨ ਵਿਗੜਣ ਨਾਲ ਇਕ ਰੱਦੀ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ ਸੀ। ਇਹ ਰੱਦੀ ਜੰਮੂ ਦੇ ਕਾਲੂ ਚੱਕ ’ਚ ਸਥਿਤ ਇਕ ਗੋਦਾਮ ’ਚੋਂ ਭਰ ਕੇ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਜਾ ਰਹੀ ਸੀ। ਜਦ ਸਥਾਨਕ ਲੋਕਾਂ ਵੱਲੋਂ ਟਰੱਕ ’ਚੋਂ ਖਿਲਰੀ ਹੋਈ ਰੱਦੀ ਨੂੰ ਚੈੱਕ ਕੀਤਾ ਗਿਆ ਤਾਂ ਉਸ ’ਚੋਂ ਪਵਿੱਤਰ ਬਾਈਬਲ ਦੀਆਂ ਕਾਪੀਆਂ, ਜਿਨ੍ਹਾਂ ਨੂੰ ਬਾਈਬਲ ਨਵਾਨੇਮ ਨਾਲ ਜਾਣਿਆ ਜਾਂਦਾ ਹੈ, ਬਰਾਮਦ ਹੋਈਆਂ।

ਇਸ ਸਬੰਧੀ ਐੱਸ. ਐੱਚ. ਓ. ਥਾਣਾ ਸਿਵਲ ਲਾਈਨ ਅਮੋਲਕ ਸਿੰਘ ਅਤੇ ਇੰਸ. ਹਰਪਾਲ ਸਿੰਘ ਨੇ ਦੱਸਿਆ ਕਿ ਇਹ ਟਰੱਕ ਜੰਮੂ ਤੋਂ ਆ ਰਿਹਾ ਸੀ ਅਤੇ ਇਸ ਵਿਚ 10 ਟਨ ਦੇ ਕਰੀਬ ਕਾਗਜ਼ ਦੀ ਰੱਦੀ ਭਰੀ ਸੀ। ਜਦ ਇਹ ਟਰੱਕ ਅੰਮ੍ਰਿਤਸਰ ਰੋਡ ’ਤੇ ਪਲਟ ਗਿਆ ਤਾਂ ਸਥਾਨਕ ਲੋਕਾਂ ਨੇ ਇਸ ’ਚੋਂ ਨਿਕਲੀਆਂ ਕਿਤਾਬਾਂ ਨੂੰ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਜਦ ਉਨ੍ਹਾਂ ਘਟਨਾਸਥਲ ’ਤੇ ਜਾ ਕੇ ਦੇਖਿਆ ਤਾਂ ਉਸ ’ਚੋਂ ਪਵਿੱਤਰ ਬਾਈਬਲ ਦੀਆਂ ਕਾਪੀਆਂ ਬਰਾਮਦ ਹੋਈਆਂ। ਉਕਤ ਸਾਰੀਆਂ ਕਾਪੀਆਂ ਨੂੰ ਖੰਨਾ ਪੇਪਰ ਮਿੱਲ ਅੰਮ੍ਰਿਤਸਰ ’ਚ ਖ਼ਤਮ ਕਰਨ ਲਈ ਲੈ ਜਾਇਆ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਪੁਲਸ ਨੇ ਫਿਲਹਾਲ ਸੈਮਸੂਨ ਕ੍ਰਿਸ਼ਚੀਅਨ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਪੀਟਰ ਚੀਂਦਾ ਦੇ ਬਿਆਨਾਂ ਦੇ ਆਧਾਰ ’ਤੇ ਪਾਸਟਰ ਜੈਕਬ ਜਾਨ ਪਠਾਨਕੋਟ, ਪਾਸਟਰ ਸਟੀਫਨ ਭਗਤਾਂਵਾਲਾ ਗੇਟ ਅੰਮ੍ਰਿਤਸਰ ਅਤੇ ਅਮਿਤ ਪੁੱਤਰ ਦੇਵਰਾਜ ਵਾਸੀ ਕਾਲੂ ਚੱਕ ਜੰਮੂ ਦੇ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਹੈ। ਇਸ ਸਬੰਧੀ ਟਰੱਕ ਦੇ ਚਾਲਕ ਮੇਜਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਨੇ ਦੱਸਿਆ ਕਿ ਉਹ ਅਨਪੜ੍ਹ ਹੈ। ਉਸਨੂੰ ਨਹੀਂ ਪਤਾ ਸੀ ਕਿ ਟਰੱਕ ’ਚ ਜੋ ਰੱਦੀ ਹੈ, ਉਹ ਪਵਿੱਤਰ ਬਾਈਬਲ ਦੀਆਂ ਕਾਪੀਆਂ ਹਨ। ਜੇਕਰ ਉਸਨੂੰ ਪਤਾ ਹੁੰਦਾ ਤਾਂ ਉਹ ਕਦੇ ਵੀ ਉਸਨੂੰ ਲੈ ਕੇ ਨਹੀਂ ਆਉਂਦਾ।

ਘਟਨਾ ਦੀ ਸੂਚਨਾ ਮਿਲਦੇ ਹੀ ਕ੍ਰਿਸ਼ਚੀਅਨ ਯੂਥ ਫਰੰਟ ਦੇ ਪ੍ਰਧਾਨ ਜਾਰਜ ਗਿੱਲ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਧਰਮ ਦੇ ਨਾਲ ਬਹੁਤ ਵੱਡੀ ਬੇਅਦਬੀ ਹੈ, ਜਿਸਨੂੰ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
 
   
 


author

rajwinder kaur

Content Editor

Related News