ਬਾਲਾਕੋਟ ਹਮਲੇ ਬਾਰੇ ਸਬੂਤ ਮੰਗਣਾ ਗਲਤ ਨਹੀਂ : ਕੈਪਟਨ

05/04/2019 1:50:31 AM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲਾਕੋਟ ਹਵਾਈ ਹਮਲੇ ਦੇ ਮਾਮਲੇ 'ਤੇ ਕਾਂਗਰਸ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਕੂੜ ਪ੍ਰਚਾਰ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਤੇ ਆਪਣੀ ਪਾਰਟੀ ਦੇ ਹੱਕ 'ਚ ਡਟਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਪਾਸੋਂ ਸਬੂਤ ਮੰਗਣ 'ਚ ਕੁਝ ਵੀ ਗਲਤ ਨਹੀਂ ਹੈ। ਅੱਜ ਇਕ ਟੀ. ਵੀ ਚੈਨਲ 'ਤੇ ਮੁਲਾਕਾਤ ਦੌਰਾਨ ਇਸ ਹਮਲੇ ਦਾ ਸਬੂਤ ਮੰਗਣ 'ਤੇ ਭਾਜਪਾ ਵੱਲੋਂ ਕਾਂਗਰਸ ਨੂੰ ਰਾਸ਼ਟਰ ਵਿਰੋਧੀ ਦੱਸੇ ਜਾਣ ਦੇ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਦੱਸਿਆ ਕਿ ਜੇਕਰ ਮੋਦੀ ਸਰਕਾਰ ਵੱਲੋਂ ਕੀਤੇ ਦਾਅਵੇ ਮੁਤਾਬਕ ਹਮਲੇ ਸਫਲ ਹੋਏ ਹਨ ਤਾਂ ਇਹ ਸਾਡੇ ਮੁਲਕ ਤੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਕਰਕੇ ਇਹ ਦੱਸਿਆ ਜਾਵੇ ਕਿ ਸਾਡੀ ਸੈਨਾਵਾਂ ਨੇ ਪਾਕਿਸਤਾਨ ਦੀਆਂ ਇਮਾਰਤਾਂ ਨੂੰ ਕਿਵੇਂ ਤਬਾਹ ਕੀਤਾ ਤੇ ਕਿਵੇਂ ਉਨਾਂ ਦੇ ਗਰੂਰ ਨੂੰ ਚੂਰ-ਚੂਰ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਕਿਸੇ ਹਮਲੇ ਦੇ ਸਬੂਤਾਂ ਬਾਰੇ ਕਿਹਾ ਗਿਆ ਹੈ। ਉਨਾਂ ਨੂੰ ਯਾਦ ਹੈ ਕਿ ਸਾਲ 1965 ਵਿਚ ਵੀ ਫੌਜ ਦਾ ਇਕ ਮੇਜਰ ਸਰਹੱਦ ਪਾਰ ਮਾਰੇ ਗਏ ਦੁਸ਼ਮਣਾਂ ਦੇ ਵੱਢੇ ਹੋਏ ਕੰਨ ਲੈ ਕੇ ਲਿਆਇਆ ਸੀ। ਜਿਸ ਨੇ ਭਾਰਤ ਦੀ ਕਾਰਵਾਈ ਬਾਰੇ ਸ਼ੰਕੇ ਦੂਰ ਕਰ ਦਿੱਤੇ ਸਨ। ਇਸੇ ਤਰ੍ਹਾਂ ਕਾਰਗਿਲ ਆਪਰੇਸ਼ਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਪਾਸੋਂ ਸਬੂਤਾਂ ਦੀ ਮੰਗ ਕਰਨਾ ਕਿਸੇ ਵੀ ਤਰ੍ਹਾਂ ਰਾਸ਼ਟਰ ਵਿਰੋਧੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡੇ ਮਿੱਗ -21 ਜਹਾਜ਼ ਨੇ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਜ਼ਮੀਨ 'ਤੇ ਸੁੱਟ ਲਿਆ ਤੇ ਇਸੇ ਤਰਾਂ ਬਾਲਾਕੋਟ ਵਿੱਚ ਸਾਡੀ ਹਵਾਈ ਸੈਨਾ ਵੱਲੋਂ ਕੀਤੇ ਹਮਲੇ ਦੀ ਸਫਲਤਾ ਬਾਰੇ ਜਾਣ ਕੇ ਵੀ ਖੁਸ਼ੀ ਹੋਵੇਗੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਹਵਾਈ ਸੈਨਾ ਦੀਆਂ ਕਾਰਵਾਈਆਂ ਦਾ ਲਾਹਾ ਲੈਣ ਅਤੇ ਸ਼ਹੀਦ ਸੈਨਿਕਾਂ ਦੇ ਨਾਂ 'ਤੇ ਵੋਟਾਂ ਮੰਗਣ ਦੀਆਂ ਸ਼ਰਮਨਾਕ ਕੋਸ਼ਿਸ਼ਾਂ ਕਰਨ ਲਈ ਉਨਾਂ ਦੀ ਸਖਤ ਆਲੋਚਨਾ ਕੀਤੀ।

ਮੁੱਖ ਮੰਤਰੀ ਨੇ ਇਸ ਵਿੱਚ ਕੁਝ ਵੀ ਰਾਸ਼ਟਰ ਵਿਰੋਧੀ ਨਾ ਹੋਣ ਬਾਰੇ ਮੋਦੀ ਦੀ ਖਿੱਲੀ ਉਡਾਈ ਜਦਕਿ ਦੂਜੇ ਪਾਸੇ ਕਾਂਗਰਸ ਵੱਲੋਂ ਬਾਲਾਕੋਟ ਬਾਰੇ ਸਬੂਤ ਮੰਗਣ 'ਤੇ ਉਸ ਨੂੰ ਰਾਸ਼ਟਰ ਵਿਰੋਧੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਉਹ (ਭਾਜਪਾ) ਭੁੱਲ ਗਏ ਹਨ ਕਿ ਸਾਲ 1965 ਤੇ 1971 'ਚ ਪਾਕਿਸਤਾਨ ਵਿਰੁੱਧ ਭਾਰਤ ਦੀਆਂ ਜੰਗਾਂ ਕਿਸ ਨੇ ਜਿੱਤੀਆਂ ਸਨ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇਕ ਫੌਜੀ ਇਤਿਹਾਸਕਾਰ ਹਾਂ ਤੇ ਜੇਕਰ ਮੋਦੀ ਹਵਾਈ ਹਮਲਿਆਂ ਦੇ ਸਬੂਤ ਮੀਡੀਆ ਜਾਂ ਕਾਂਗਰਸ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਉਹ ਮੈਨੂੰ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਾਂ ਵੱਲੋਂ ਆਪਣੇ ਭਾਸ਼ਣਾਂ 'ਚ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ ਜੇਕਰ ਭਾਰਤੀ ਹਵਾਈ ਫੌਜ ਨੇ ਸਫਲਤਾ ਹਾਸਲ ਕੀਤੀ ਹੈ ਤਾਂ ਇਕ ਸਾਬਕਾ ਫੌਜੀ ਤੇ ਭਾਰਤੀ ਹੋਣ ਦੇ ਨਾਤੇ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੋਵੇਗਾ।

 


Related News