ਬਾਜਵਾ ਨੇ ਸ਼ੇਅਰੋਂ-ਸ਼ਾਇਰੀ ਰਾਹੀਂ ਕੈਪਟਨ ਨੂੰ ਵੰਗਾਰਿਆ
Tuesday, Jan 14, 2020 - 08:59 PM (IST)
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਜਵਾ ਖਿਲਾਫ ਅਨੁਸ਼ਾਸਨੀ ਕਾਰਵਾਈ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਖਿਲਾਫ ਖੁੱਲ ਕੇ ਮੈਦਾਨ 'ਚ ਨਿੱਤਰ ਆਏ ਹਨ। ਅੱਜ ਉਨ੍ਹਾਂ ਨੇ ਮੀਡੀਆ 'ਚ ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਸਿੱਧੇ-ਸਿੱਧੇ ਨਿਸ਼ਾਨੇ 'ਤੇ ਲਿਆ, ਉਥੇ ਹੀ ਸ਼ੇਅਰੋਂ-ਸ਼ਾਇਰੀ ਰਾਹੀਂ ਵੀ ਉਨ੍ਹਾਂ 'ਤੇ ਤੰਜ ਕੱਸਿਆ। ਕੈਪਟਨ 'ਤੇ ਤੰਜ ਕੱਸਦਿਆ ਉਨ੍ਹਾਂ ਕਿਹਾ ਕਿ ਕੈਪਟਨ ਇੱਧਰ-ਉਧਰ ਦੀਆਂ ਗੱਲਾਂ ਨਾ ਕਰਨ ਜਦਕਿ ਸਹੀ-ਸਹੀ ਜਵਾਬ ਦੇਣ ਕਿ ਕਾਂਗਰਸ ਦਾ ਕਾਫਿਲਾ ਦਿਨ ਪ੍ਰਤੀ ਦਿਨ ਖੇਰੂੰ-ਖੇਰੂੰ ਕਿਉਂ ਹੁੰਦਾ ਜਾ ਰਿਹਾ ਹੈ।
ਸ਼ੇਅਰ ਵਿਚ ਉਨ੍ਹਾਂ ਨੇ ਸਿੱਧੇ-ਸਿੱਧੇ ਕੈਪਟਨ ਦੀ ਕਾਰਗੁਜ਼ਾਰੀ ਅਤੇ 'ਰਹਿਬਰੀ' 'ਤੇ ਸਵਾਲ ਚੁੱਕਿਆ। ਕੈਪਟਨ ਨੂੰ ਵੰਗਾਰਦਿਆਂ ਉਨ੍ਹਾਂ ਕਿਹਾ ਕਿ ਮੈਂ ਖੁੱਲ੍ਹੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਹਾਂ ਕਿ ਮੇਰੇ ਵਲੋਂ ਉਠਾਏ ਮੁੱਦਿਆਂ 'ਤੇ ਉਹ ਮੇਰੇ ਨਾਲ ਜਨਤਕ ਬਹਿਸ ਕਰਨ ਤੇ ਜਨਤਾ ਨੂੰ ਫੈਂਸਲਾ ਕਰਨ ਦਿੱਤਾ ਜਾਵੇ। ਜਿਸ ਸ਼ੇਅਰ ਰਾਹੀਂ ਬਾਜਵਾ ਨੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਉਹ ਇਸ ਪ੍ਰਕਾਰ ਸੀ।
''ਤੂੰ ਇਧਰ-ਉਧਰ ਕੀ ਬਾਤ ਨਾ ਕਰ...
ਯੇ ਬਤਾ ਕਿ ਕਾਫਿਲਾ ਕਿਉਂ ਲੁਟਾ,
ਮੁਝੇ ਰਹਿਜਨੋ ਸੇ ਗਿਲਾ ਨਹੀਂ...
ਤੇਰੀ ਰਹਿਬਰੀ ਪੇ ਸਵਾਲ ਹੈ।''
ਜ਼ਿਕਰਯੋਗ ਹੈ ਕਿ 'ਜਗਬਾਣੀ' ਨਾਲ ਗੱਲ-ਬਾਤ ਕਰਦਿਆਂ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ 'ਤੇ ਕੈਪਟਨ ਨੂੰ ਆਪਣੀ ਕੁਰਸੀ ਛੱਡਣ ਲਈ ਕਿਹਾ ਹੈ।