ਪ੍ਰਤਾਪ ਬਾਜਵਾ ਨੇ ਕਬੂਲੀ ਮੁੱਖ ਮੰਤਰੀ ਦੀ ਚੁਣੌਤੀ, ਕਿਹਾ ਕਿਸੇ ਵੀ ਹਲਕੇ ਤੋਂ ਲੜੋ ਚੋਣ, ਕਰਾਂਗਾ ਮੁਕਾਬਲਾ
Monday, Mar 04, 2024 - 06:28 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਦੂਜੇ ਦਿਨ ਦੀ ਕਾਰਵਾਈ ਖੂਬ ਹੰਗਾਮਾ ਭਰਪੂਰ ਰਹੀ। ਦੁਪਹਿਰੋਂ ਬਾਅਦ ਕਾਂਗਰਸ ਵਲੋਂ ਸਦਨ ’ਚੋਂ ਵਾਕ ਆਊਟ ਕਰ ਦਿੱਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਵਿਧਾਨ ਸਭਾ ਦੀ ਕਾਰਵਾਈ ਦਾ ਉਲੰਘਣ ਕਰ ਰਹੇ ਹਨ। ਮੁੱਖ ਮੰਤਰੀ ਦੀ ਕੁਰਸੀ ਦੀ ਤਾਕਤ ਭਗਵੰਤ ਮਾਨ ਦੇ ਦਿਮਾਗ ’ਤੇ ਚੜ੍ਹ ਗਈ ਹੈ, ਜਿਸ ਕਾਰਣ ਉਹ ਸਾਰੀਆਂ ਪਰੰਪਰਾ ਭੁੱਲ ਗਏ ਹਨ। ਬਾਜਵਾ ਨੇ ਦੋਸ਼ ਲਗਾਇਆ ਕਿ ਵਿਧਾਨ ਸਭਾ ਵਿਚ ਦੋ ਤਿੰਨ ਵਾਰ ਮੁੱਖ ਮੰਤਰੀ ਨੇ ਗਾਲ੍ਹ ਕੱਢਣ ਦੀ ਕੋਸ਼ਿਸ਼ ਕੀਤੀ। ਬਾਜਵਾ ਨੇ ਦੋਸ਼ ਲਗਾਇਆ ਕਿ ਅੱਜ ਵਿਧਾਨ ਸਭਾ ਵਿਚ ਇਕ ਜਨਤਾ ਦੇ ਚੁਣੇ ਹੋਏ ਦਲਿਤ ਵਿਧਾਇਕ ਦਾ ਅਪਮਾਨ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕ ਸੁਖਵੰਤ ਕੋਟਲੀ ਜਦੋਂ ਸਵਾਲ ਪੁੱਛ ਰਹੇ ਸਨ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਦਲਿਤ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ ਪਰ ਅੱਜ ਦੋ ਸਾਲ ਬੀਤਣ ਦੇ ਬਾਵਜੂਦ ਵੀ ਦਲਿਤ ਨੂੰ ਉਪ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਤਾਂ ਉਨ੍ਹਾਂ ਲਈ ਬੇਹੱਦ ਭੱਦੀ ਸ਼ਬਦਾਵਲੀ ਵਰਤੀ ਗਈ ਜੋ ਅਤਿ ਨਿੰਦਾ ਯੋਗ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ’ਚ ਖੜਕਾ-ਦੜਕਾ, ਮੁੱਖ ਮੰਤਰੀ ਬੋਲੇ, ਓ ਬਾਜਵਾ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰ
ਮੁੱਖ ਮੰਤਰੀ ਦੀ ਚੁਣੌਤੀ ਕਬੂਲ
ਬਾਜਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਉਸ ਚੁਣੌਤੀ ਨੂੰ ਕਬੂਲ ਕਰਦੇ ਹਨ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਉਹ ਪੰਜਾਬ ਵਿਚ ਕਿਤੋਂ ਵੀ ਲੋਕ ਸਭਾ ਚੋਣ ਲੜ ਲੈਣ। ਬਾਜਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਆਖਦੇ ਹਨ ਕਿ ਭਗਵੰਤ ਮਾਨ ਜੇ ਕਿਸੇ ਹਲਕੇ ਤੋਂ ਲੋਕ ਸਭਾ ਦੀ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਦੇ ਖ਼ਿਲਾਫ਼ ਉਸੇ ਹਲਕੇ ਤੋਂ ਮੈਦਾਨ ਵਿਚ ਉਤਰਣਗੇ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਰੱਬ ਨੂੰ ਭੁੱਲੀ ਬੈਠੇ ਹਨ। ਇਕ ਹੋਰ ਸਿਆਸੀ ਪਾਰਟੀ ਦਾ ਮੁਖੀ ਕਹਿੰਦਾ ਸੀ ਕਿ ਅਸੀਂ 25 ਸਾਲ ਰਾਜ ਕਰਨਾ ਹੈ, ਦੇਖੋ ਅੱਜ ਉਸ ਦਾ ਕੀ ਹਾਲ ਹੈ। ਸਿਆਸੀ ਆਗੂ ਇਹ ਨਾ ਭੁੱਲਣ ਕਿ ਪੰਜਾਬ ਦੀ ਜਨਤਾ ’ਤੇ ਤਖਤ ’ਤੇ ਬਿਠਾ ਸਕਦੀ ਹੈ ਤਾਂ ਉਹ ਲਾਹ ਵੀ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ ਪਹੁੰਚੇ ਅਰਵਿੰਦ ਕੇਜਰੀਵਾਲ, ਬੋਲੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ 2-3 ਦਿਨਾਂ ਵਿਚ
ਫੁੱਟ-ਫੁੱਟ ਕੇ ਰੋਏ ਕੋਟਲੀ
ਕਾਂਗਰਸੀ ਵਿਧਾਇਕ ਸੁਖਵੰਤ ਕੋਟਲੀ ਅੱਜ ਵਿਧਾਨ ਸਭਾ ਵਿਚ ਹੋਏ ਕਥਿਤ ਅਪਮਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਫੁੱਟ ਫੁੱਟ ਕੇ ਰੋ ਪਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੋਟਲੀ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਦੱਸੋ ਪੰਜਾਬ ਅੰਦਰ ਡਿਪਟੀ ਸੀ. ਐੱਮ. ਕਦੋਂ ਬਣਾਉਗੇ ਤਾਂ ਇਹ ਸੁਣਦੇ ਹੀ ਮੁੱਖ ਮੰਤਰੀ ਭੜਕ ਗਏ। ਕੋਟਲੀ ਨੇ ਦੋਸ਼ ਲਾਇਆ ਕਿ ਮਾਨ ਵੱਲੋਂ ਮੇਰਾ ਅਪਮਾਨ ਕੀਤਾ ਗਿਆ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ। ਦੂਜੇ ਪਾਸੇ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਸਦਨ ਵਿਚ ਸਾਡੇ ਦਲਿਤ ਵਿਧਾਇਕ ਦਾ ਅਪਮਾਨ ਕੀਤਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8